ਚੰਨਾਂ ਕਾਲੇਵਾਲ ਨੂੰ ਲੈਕੇ ਹਲਕੇ ਦਾ ਵਿਕਾਸ ਕਰਾਂਗੇ: ਸਤਨਾਮ ਸਿੰਘ ਸੰਧੂ ਕੁਰਾਲੀ7 ਅਪਰੈਲ( ਰਣਜੀਤ ਸਿੰਘ ਕਾਕਾ)ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਐੱਸ ਜੀ ਪੀ ਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਅਤੇ ਭਾਜਪਾ ਦੇ 46ਵੇਂ ਸਥਾਪਨਾ ਦਿਵਸ ਮੌਕੇ ਆਪਣੇ ਪਿੰਡ ਵਿੱਚ ਭਾਰੀ ਇੱਕਠ ਕੀਤਾ। ਇਸ ਇਕੱਠ ਵਿੱਚ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ,ਭਾਜਪਾ ਦੇ ਜੰਮੂ-ਕਸ਼ਮੀਰ ਦੇ ਇੰਚਾਰਜ਼ ਰਵਿੰਦਰ ਰੈਣਾ,ਸੀਨੀਅਰ ਭਾਜਪਾ ਆਗੂ ਰਣਜੀਤ ਸਿੰਘ ਗਿੱਲ,ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਅਤੇ ਹੋਰ ਆਗੂਆਂ ਨੇ ਸ਼ਿਰਕਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣ ਲਈ ਵੱਡੇ ਫ਼ੈਸਲੇ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਭਾਰਤੀ ਜਨਤਾ ਪਾਰਟੀ ਹੀ ਲੈ ਸਕਦੀ ਹੈ। । ਸ੍ਰੀ ਸੰਧੂ ਨੇ ਕਾਲੇਵਾਲ ਦੀ ਲਿੰਕ ਸੜਕ ਨੂੰ ਪ੍ਰਧਾਨ ਮੰਤਰੀ ਯੋਜਨਾ ਤਹਿਤ 18 ਫੁੱਟ ਚੌੜੀ ਕਰਨ ਅਤੇ ਪਿੰਡ ਦੇ ਵਿਕਾਸ ਲਈ 10 ਲੱਖ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਭਾਜਪਾ ਦੇ ਜੰਮੂ-ਕਸ਼ਮੀਰ ਦੇ ਇੰਚਾਰਜ਼ ਰਵਿੰਦਰ ਰੈਣਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਿੱਖਾਂ ਦੇ ਪੱਖ ਵਿੱਚ ਠੋਸ ਫ਼ੈਸਲੇ ਲੈਣ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਦੇ ਰਾਜ ਵਿੱਚ ਜੰਮੂ ਕਸ਼ਮੀਰ ਦੇਸ਼ ਦਾ ਅਸਲੀ ਰੂਪ ਵਿੱਚ ਹਿੱਸਾ ਬਣਿਆ ਹੈ ਇਸੇ ਤਰ੍ਹਾਂ ਹੁਣ ਪੰਜਾਬ ਨੂੰ ਵੀ ਕਿਸੇ ਬਾਂਹ ਫੜਨ ਵਾਲੀ ਪਾਰਟੀ ਦੀ ਲੋੜ ਹੈ।
ਇਸੇ ਦੌਰਾਨ ਰਣਜੀਤ ਸਿੰਘ ਗਿੱਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ,ਗੈਂਗਸਟਰਾਂ ਅਤੇ ਭ੍ਰਿਸ਼ਟਾਚਾਰ ਦਾ ਹੱਬ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਗਿਣੀ ਮਿੱਥੀ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਡਬਲ ਇੰਜਣ ਸਰਕਾਰ ਹੀ ਪੰਜਾਬ ਨੂੰ ਆਰਥਿਕ ਸੰਕਟ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢ ਸਕਦੀ ਹੈ। ਸ੍ਰੀ ਗਿੱਲ ਨੇ ਹਲਕਾ ਵਾਸੀਆਂ ਨੂੰ 2027 ਵਿੱਚ ਸੋਚ ਸਮਝ ਕੇ ਫ਼ੈਸਲਾ ਲੈਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਬੋਲਦਿਆਂ ਐੱਸ ਜੀ ਪੀ ਸੀ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਹੀ ਵਿਕਾਸ ਸੰਭਵ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਉੱਤਰ ਪ੍ਰਦੇਸ਼,ਹਰਿਆਣਾ ਅਤੇ ਹਰ ਅਨੇਕਾਂ ਪ੍ਰਾਂਤ ਪੰਜਾਬ ਤੋਂ ਅੱਗੇ ਨਿਕਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਸਿੱਖਾਂ ਨੂੰ ਵੱਡਾ ਮਾਣ ਸਤਿਕਾਰ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ,ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ,ਰਕੇਸ਼ ਅੱਗਰਵਾਲ,ਖੁਸ਼ਵੰਤ ਰਾਏ ਗੀਗਾ,ਭਾਨੂੰ ਪ੍ਰਤਾਪ,ਤਰੁਨ ਸ਼ਰਮਾ ਅਤੇ ਦਰਸ਼ਨ ਸਿੰਘ ਸ਼ਿਵਜੋਤ ਆਦਿ ਆਗੂਆਂ ਨੇ ਕਿਹਾ ਕਿ ਚਰਨਜੀਤ ਸਿੰਘ ਕਾਲੇਵਾਲ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਜ਼ਿਲ੍ਹਾ ਮੁਹਾਲੀ ਵਿੱਚ ਵੱਡਾ ਬਲ ਮਿਲਿਆ ਹੈ। ਸ੍ਰੀ ਕਾਲੇਵਾਲ ਨੇ ਪਾਰਟੀ ਆਗੂਆਂ ਦਾ ਪਿੰਡ ਪੁੱਜਣ ‘ਤੇ ਧੰਨਵਾਦ ਕੀਤਾ ਅਤੇ ਸਨਮਾਨ ਵੀ ਕੀਤਾ।

LEAVE A REPLY

Please enter your comment!
Please enter your name here