ਸਾਹਿਤਕਾਰਾਂ ਨੇ ਕਿਤਾਬ ਨੂੰ ਦੱਸਿਆ ਜਾਣਕਾਰੀ ਦਾ ਖ਼ਜ਼ਾਨਾ, ਹਰ ਵਰਗ ਦੇ ਪਾਠਕਾਂ ਨੂੰ ਪੜ੍ਹਨ ਦੀ ਕੀਤੀ ਅਪੀਲ
ਮਾਜਰੀ , 24 ਅਕਤੂਬਰ ( ਰਣਜੀਤ ਸਿੰਘ ਕਾਕਾ ) ਇਲਾਕੇ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਅਵਤਾਰ ਨਗਲੀਆਂ ਦੀ ਪਲੇਠੀ ਕਿਤਾਬ ‘ਗੁਸਤਾਖੀ ਮਾਫ਼’ (ਲੇਖ-ਚਿੱਤਰ) ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਥਿਤ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਮਿਊਜ਼ੀਅਮ, ਸਿਸਵਾਂ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਦਲਿਤ ਚੇਤਨਾ ਮੰਚ ਪੰਜਾਬ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਸਾਹਿਤਕਾਰਾਂ, ਪੱਤਰਕਾਰਾਂ, ਸਮਾਜ ਸੇਵੀਆਂ, ਗੀਤਕਾਰਾਂ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ। ਇਸ ਕਿਤਾਬ ਨੂੰ ਸਪਤਰਿਸ਼ੀ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਡਾਕਟਰ ਲਾਭ ਸਿੰਘ ਖੀਵਾ ਨੇ ਕੀਤੀ, ਜਦਕਿ ਕਿਤਾਬ ਬਾਰੇ ਪਰਚਾ ਉੱਘੇ ਲੇਖਕ ਰਬਿੰਦਰ ਸਿੰਘ ਰੱਬੀ ਨੇ ਪੜ੍ਹਿਆ। ਮੁੱਖ ਮਹਿਮਾਨਾਂ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਗੁੱਜਰ ਸਮਾਜ ਪੰਜਾਬ ਦੇ ਕੋਆਰਡੀਨੇਟਰ ਚੌਧਰੀ ਸ਼ਿਆਮ ਲਾਲ ਮਾਜਰੀਆ ਅਤੇ ਪਹਿਲਵਾਨ ਰਵੀ ਸ਼ਰਮਾ, ਮੁੱਲਾਂਪੁਰ ਨੇ ਸ਼ਿਰਕਤ ਕੀਤੀ। ਸਮਾਗਮ ਦਾ ਮੰਚ ਸੰਚਾਲਨ ਸੁਰਜੀਤ ਸੁਮਨ ਨੇ ਬਾਖ਼ੂਬੀ ਨਿਭਾਇਆ।
‘ਗੁਸਤਾਖੀ ਮਾਫ਼’ ਅੱਜ ਦੇ ਸਮੇਂ ਦੀ ਅਹਿਮ ਕਿਤਾਬ: ਡਾਕਟਰ ਲਾਭ ਸਿੰਘ ਖੀਵਾ
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾਕਟਰ ਲਾਭ ਸਿੰਘ ਖੀਵਾ ਨੇ ਕਿਤਾਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਅੱਜ ਦੇ ਸਮੇਂ ਦੀ ਇੱਕ ਵਧੀਆ ਅਤੇ ਮਹੱਤਵਪੂਰਨ ਕਿਤਾਬ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਦੇ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਦੇ ਵਿਸ਼ਾਲ ਦਾਇਰੇ ਵਾਲੇ ਵਿਸ਼ਿਆਂ ਉੱਤੇ ਲਿਖਣਾ ਇੱਕ ਚੰਗਾ ਉਪਰਾਲਾ ਹੈ। ਭਾਵੇਂ ਅਵਤਾਰ ਨਗਲੀਆਂ ਲੰਮੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਹਨ, ਪਰ ਉਨ੍ਹਾਂ ਨੇ ਇਸ ਕਿਤਾਬ ਰਾਹੀਂ ਆਪਣੇ ਲੇਖਾਂ ਵਿੱਚ ਸਥਾਨਕ ਮਸਲਿਆਂ ਤੋਂ ਅੱਗੇ ਵਧ ਕੇ ਅੰਤਰਰਾਸ਼ਟਰੀ ਪੱਧਰ ਦੇ ਵਿਸ਼ਿਆਂ ਨੂੰ ਵੀ ਛੋਹਿਆ ਹੈ।
ਉਨ੍ਹਾਂ ਕਿਹਾ ਕਿ ਸੱਚ ਨੂੰ ਲਿਖਣਾ ਅਤੇ ਲੋਕਾਂ ਸਾਹਮਣੇ ਰੱਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ‘ਗੁਸਤਾਖੀ ਮਾਫ਼’ ਵਿੱਚ ਪਾਠਕਾਂ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਲੇਖ ਪੜ੍ਹਨ ਨੂੰ ਮਿਲਦੇ ਹਨ, ਜੋ ਪਾਠਕ ਨੂੰ ਅੰਤ ਤੱਕ ਆਪਣੇ ਨਾਲ ਜੋੜ ਕੇ ਰੱਖਦੇ ਹਨ। ਉਨ੍ਹਾਂ ਨੇ ਲੇਖਕ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਇਹ ਕਿਤਾਬ ਪਾਠਕਾਂ ਵਿੱਚ ਚੰਗਾ ਹੁੰਗਾਰਾ ਹਾਸਲ ਕਰੇਗੀ।
ਕਿਤਾਬ ਨਹੀਂ, ਸਗੋਂ ਜਾਣਕਾਰੀ ਦਾ ਖ਼ਜ਼ਾਨਾ ਹੈ ‘ਗੁਸਤਾਖੀ ਮਾਫ਼’: ਰਬਿੰਦਰ ਸਿੰਘ ਰੱਬੀ
ਕਿਤਾਬ ਬਾਰੇ ਆਪਣਾ ਪਰਚਾ ਪੜ੍ਹਦਿਆਂ ਉੱਘੇ ਲੇਖਕ ਰਬਿੰਦਰ ਸਿੰਘ ਰੱਬੀ ਨੇ ਕਿਹਾ ਕਿ ‘ਗੁਸਤਾਖੀ ਮਾਫ਼’ ਸਿਰਫ਼ ਇੱਕ ਕਿਤਾਬ ਨਹੀਂ, ਸਗੋਂ ਜਾਣਕਾਰੀ ਦਾ ਖ਼ਜ਼ਾਨਾ ਹੈ। ਉਨ੍ਹਾਂ ਅਨੁਸਾਰ ਕਿਤਾਬ ਦਾ ਸਿਰਲੇਖ ਬੇਹੱਦ ਢੁੱਕਵਾਂ ਹੈ ਅਤੇ ਇਸ ਵਿੱਚ ਸ਼ਾਮਲ ਲੇਖ ਵੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਇਸ ਕਿਤਾਬ ਨੂੰ ਸਿਰਫ਼ ਸਾਹਿਤਕਾਰਾਂ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਇਸ ਨੂੰ ਪੜ੍ਹਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਸ਼ਾਮਲ ਵਿਸ਼ੇ ਆਮ ਮਨੁੱਖ ਦੇ ਜੀਵਨ, ਸਮਾਜ ਅਤੇ ਵੱਖ-ਵੱਖ ਕਿੱਤਿਆਂ ਨਾਲ ਜੁੜੇ ਹੋਏ ਹਨ। ਇਸ ਕਰਕੇ ਇਹ ਰਚਨਾ ਵੱਖ-ਵੱਖ ਰੁਚੀਆਂ ਵਾਲੇ ਪਾਠਕਾਂ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਲੇਖਕ ਦੀ ਵਿਸ਼ਿਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਲਿਖਤ ਰਾਹੀਂ ਪਾਠਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ।
ਸੱਚਾਈ ਅਤੇ ਵੱਖਰੇ ਵਿਸ਼ਿਆਂ ਦੀ ਪੇਸ਼ਕਾਰੀ ਕਿਤਾਬ ਦੀ ਖ਼ਾਸੀਅਤ: ਸ਼ਾਮ ਲਾਲ ਮਾਜਰੀਆ
ਮੁੱਖ ਮਹਿਮਾਨ ਚੌਧਰੀ ਸ਼ਾਮ ਲਾਲ ਮਾਜਰੀਆ ਨੇ ਕਿਹਾ ਕਿ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਦੇ ਵਿਚਾਰ ਸੁਣਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ‘ਗੁਸਤਾਖੀ ਮਾਫ਼’ ਨੂੰ ਵੱਖਰੇ ਅੰਦਾਜ਼ ਵਿੱਚ ਲਿਖਿਆ ਗਿਆ ਹੈ। ਉਨ੍ਹਾਂ ਅਵਤਾਰ ਨਗਲੀਆਂ ਨੂੰ ਕਿਤਾਬ ਦੇ ਪ੍ਰਕਾਸ਼ਨ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਿਤਾਬ ਨੂੰ ਜ਼ਰੂਰ ਪੜ੍ਹਨ ਅਤੇ ਇਸ ਵਿੱਚ ਉਠਾਏ ਗਏ ਵਿਸ਼ਿਆਂ ਬਾਰੇ ਆਪਣੀ ਸਮਝ ਵਿਕਸਿਤ ਕਰਨ।
ਪਹਿਲਵਾਨ ਰਵੀ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਵੇਂ ਉਹ ਅਵਤਾਰ ਨਗਲੀਆਂ ਨੂੰ ਥੋੜ੍ਹੇ ਸਮੇਂ ਤੋਂ ਜਾਣਦੇ ਹਨ, ਪਰ ਉਨ੍ਹਾਂ ਵਿੱਚ ਲਿਖਣ ਦੀ ਵੱਡੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਅਵਤਾਰ ਨਗਲੀਆਂ ਵੱਖ-ਵੱਖ ਵਿਸ਼ਿਆਂ ਉੱਤੇ ਲਿਖਣ ਦੀ ਯੋਗਤਾ ਰੱਖਦੇ ਹਨ। ਉਨ੍ਹਾਂ ‘ਗੁਸਤਾਖੀ ਮਾਫ਼’ ਨੂੰ ਸ਼ਲਾਘਾਯੋਗ ਕਿਤਾਬ ਦੱਸਦਿਆਂ ਲੇਖਕ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ।
ਲੇਖਕ ਅਵਤਾਰ ਨਗਲੀਆਂ ਨੇ ਕੀਤਾ ਸਭ ਦਾ ਧੰਨਵਾਦ
ਇਸ ਮੌਕੇ ਲੇਖਕ ਅਵਤਾਰ ਨਗਲੀਆਂ ਨੇ ਸਮਾਗਮ ਵਿੱਚ ਪਹੁੰਚੇ ਸਮੂਹ ਸਾਹਿਤਕਾਰਾਂ, ਲੇਖਕਾਂ, ਪੱਤਰਕਾਰਾਂ ਅਤੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੇਖਕ ਹੋਣਾ ਕੋਈ ਸੌਖੀ ਗੱਲ ਨਹੀਂ ਹੈ। ਇੱਕ ਲੇਖਕ ਨੂੰ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀਆਂ ਹਕੀਕਤਾਂ ਨੂੰ ਬਿਆਨ ਕਰਨ ਲਈ ਕਈ ਵਾਰ ਮਾਨਸਿਕ ਤੌਰ ’ਤੇ ਟੁੱਟਣਾ ਪੈਂਦਾ ਹੈ ਅਤੇ ਕਈ ਵਾਰ ਆਪਣੇ ਆਪ ਨੂੰ ਮੁੜ ਜੋੜ ਕੇ ਨਵੀਂ ਸ਼ੁਰੂਆਤ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਲੇਖਕ ਦੀ ਕਲਮ ਲੋਕਾਂ ਦੀਆਂ ਭਾਵਨਾਵਾਂ, ਸਮਾਜਿਕ ਸਮੱਸਿਆਵਾਂ ਅਤੇ ਸੱਚਾਈ ਨੂੰ ਸ਼ਬਦਾਂ ਵਿੱਚ ਪੇਸ਼ ਕਰਨ ਦਾ ਮਾਧਿਅਮ ਹੈ। ਉਨ੍ਹਾਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਾਰਿਆਂ ਵੱਲੋਂ ਦਿੱਤੇ ਸਹਿਯੋਗ ਅਤੇ ਹੌਸਲਾ ਅਫ਼ਜ਼ਾਈ ਲਈ ਧੰਨਵਾਦ ਪ੍ਰਗਟਾਇਆ।
ਵੱਖ-ਵੱਖ ਬੁਲਾਰਿਆਂ ਨੇ ਵੀ ਕੀਤੀ ਸ਼ਮੂਲੀਅਤ
ਇਸ ਮੌਕੇ ਸਰੂਪ ਸਿਆਲਵੀ, ਪ੍ਰਿੰਸੀਪਲ ਸਤਨਾਮ ਸਿੰਘ ਸ਼ੌਕਰ, ਪਰਮਜੀਤ ਸਿੰਘ ਮਾਨ, ਪ੍ਰਿੰਸੀਪਲ ਸੁਰਿੰਦਰ ਸਿੰਘ ਰਸੂਲਪੁਰ,ਭੁਪਿੰਦਰ ਸਿੰਘ ਮਾਨ , ਲੈਕਚਰਾਰ ਭੁਪਿੰਦਰ ਸਿੰਘ ਭਾਗੋ ਮਾਜਰਾ, ਸ਼ਮਸ਼ੇਰ ਪੁਰਖਾਲਵੀ, ਪੱਤਰਕਾਰ ਰਣਜੀਤ ਸਿੰਘ ਕਾਕਾ, ਸਾਹਿਤਕਾਰ ਮਨਦੀਪ ਰਿੰਪੀ, ਅਵਤਾਰ ਸਿੰਘ ਪਤੰਗ ਅਤੇ ਰਾਜਨ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਗਮ ਵਿੱਚ ਗੁਰਿੰਦਰ ਸਿੰਘ ਕਲਸੀ ਮੋਰਿੰਡਾ, ਇੰਦਰਜੀਤ ਸਿੰਘ ਪ੍ਰੇਮੀ, ਤਰਸੇਮ ਬਸ਼ਰ, ਸੀਨੀਅਰ ਯੂਥ ਆਗੂ ਗੁਰਿੰਦਰ ਸਿੰਘ ਖਿਜ਼ਰਾਬਾਦ, ਲੇਖਕ ਸੰਤਵੀਰ, ਗੀਤਕਾਰ ਤਜਿੰਦਰ ਤੇਜੀ, ਗਾਇਕ ਇੰਦਰਜੀਤ ਗੋਰਖਾ, ਰਾਹੀ ਮਾਣਕਪੁਰ ਸ਼ਰੀਫ਼, ਬਾਬੂ ਚੰਡੀਗੜ੍ਹੀਆ ਅਤੇ ਹਰਮਨ ਸਹੋਤਾ ਸਮੇਤ ਕਈ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਇਸ ਤੋਂ ਇਲਾਵਾ ਪੱਤਰਕਾਰ ਸੁਖਦੇਵ ਕੋਟਾਲਵੀ, ਲੇਖਕ ਚੰਨੀ ਖਿਜ਼ਰਾਬਾਦ, ਬਿੱਟੂ ਪੜੌਲ, ਸਮਾਜ ਸੇਵੀ ਬਲਜਿੰਦਰ ਪੁਰੀ, ਸੁਖਬੀਰ ਸਿੰਘ ਬੂਥਗੜ੍ਹ, ਲੈਕਚਰਾਰ ਦੀਪਕ ਸ਼ਰਮਾ, ਏਐਸਆਈ ਸਤੀਸ਼ ਕੁਮਾਰ, ਮਾਸਟਰ ਅਜੇ ਕੁਮਾਰ ਮੁੱਲਾਂਪੁਰ, ਅਕਬਰ ਖਾਨ ਸਿਸਵਾਂ, ਜਸਵੀਰ ਮਹਿਰਾ, ਸੁਖਪਾਲ ਸਿੰਘ ਬੀਰ, ਮਾਸਟਰ ਜਸਪਾਲ ਸਿੰਘ, ਸਤਬੀਰ ਕੌਰ, ਰੌਣਕ ਕੌਰ, ਸਬੱਬਦੀਪ ਸਿੰਘ, ਅੰਮ੍ਰਿਤਪਾਲ ਸਿੰਘ ਹੈਪੀ, ਗੋਲਡੀ ਸਹੋੜਾ, ਤਰਨਵੀਰ ਸਿੰਘ ਸੋਨੂੰ, ਜੋਰਾ ਸਿੰਘ ਫਾਂਟਵਾ, ਸੁਖਵਿੰਦਰ ਸਿੰਘ ਹੈਪੀ, ਗੀਤਕਾਰ ਸੁੱਖਾ ਬੇਰਵਾਲ, ਬੂਟਾ ਸਿੰਘ ਚਤਾਮਲਾ, ਅੰਮ੍ਰਿਤਪਾਲ ਸਿੰਘ ਫਤਿਹਗੜ੍ਹ, ਯੂਥ ਆਗੂ ਸੰਦੀਪ ਕੁਮਾਰ ਮਾਜਰੀ, ਲਵਿੰਦਰ ਗੌੜ, ਰਾਣਾ ਰਜਿੰਦਰ ਸਿੰਘ , ਕੁਰਾਲੀ, ਕਰਨ ਰਾਠੌਰ ਅਤੇ ਬੀਬੀ ਕੁਲਦੀਪ ਕੌਰ ,ਜਗਦੀਪ ਸਿੰਘ ,ਸਮੇਤ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।
ਕਿਤਾਬ ਦੇ ਲੋਕ ਅਰਪਣ ਸਮਾਗਮ ਨੇ ਇਲਾਕੇ ਵਿੱਚ ਸਾਹਿਤਕ ਸਰਗਰਮੀਆਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਲੇਖਕਾਂ, ਪੱਤਰਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਕੱਠੇ ਹੋ ਕੇ ਵਿਚਾਰ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕੀਤਾ। ਸਮਾਗਮ ਦੌਰਾਨ ਬੁਲਾਰਿਆਂ ਵੱਲੋਂ ਦਿੱਤੇ ਗਏ ਵਿਚਾਰਾਂ ਨੇ ਕਿਤਾਬ ਦੀ ਵਿਸ਼ਾ-ਵਸਤੂ ਅਤੇ ਸਮਾਜ ਨਾਲ ਇਸ ਦੇ ਸਬੰਧ ਨੂੰ ਉਜਾਗਰ ਕੀਤਾ।






