ਕਾਂਗਰਸੀਆਂ ਦੀ ਫੁੱਟ ਨੇ ਬਣਾਈ ਆਪ ਦੀ ਠੁੱਕ ਸ੍ਰੋਮਣੀ ਅਕਾਲੀ ਦਲ ਦਾ ਕੌਂਸਲਰ ਵੀ ਆਪ ਦੇ ਪਾਲੇ ‘ਚ’ 11 ਕੌਂਸਲਰਾ ਨੇ ਹੱਥ ਖੜੇ ਕਰਕੇ ਦਿਤਾ ਸਮਰਥਨ ਕੁਰਾਲੀ 3 ਜੁਲਾਈ ( ਮਾਰਸ਼ਲ ਨਿਊਜ਼) ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਅੱਜ ਹੋਈ। ਇਸ ਚੋਣ ਵਿੱਚ ਸੱਧਾਤਾਰੀ ਧਿਰ ‘ਆਪ’ ਦੇ ਕੌਂਸਲਰ ਬਹਾਦਰ ਸਿੰਘ ਓਕੇ ਕੌਂਸਲ ਦੇ ਪ੍ਰਧਾਨ ਚੁਣੇ ਗਏ ਜਦਕਿ ਸਮ੍ਹਾ ਕਾਲੀਆ ਨੂੰ ਕੌਂਸਲ ਦੀ ਮੀਤ ਪ੍ਰਧਾਨ ਚੁਣਿਆ ਲਿਆ ਗਿਆ।
ਸਥਾਨਕ ਨਗਰ ਕੌਂਸਲ ਦਫ਼ਤਰ ਵਿੱਚ ਅੱਜ ਸ਼ਾਮ ਨੂੰ ਚੋਣ ਸਬੰਧੀ ਮੀਟਿੰਗ ਹੋਈ। ਐੱਸ ਡੀ ਐੱਮ ਖਰੜ ਦੀ ਦੇਖਰੇਖ ਹੇਠ ਹੋਈ ਇਸ ਚੋਣ ਵਿੱਚ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਤੋਂ ਇਲਾਵਾ ਨਵੇਂ ਚੁਣੇ 17 ਕੌਂਸਲਰਾਂ ਨੇ ਭਾਗ ਲਿਆ। ਮੀਟਿੰਗ ਦੇ ਪਹਿਲੇ ਚਰਨ ਵਿੱਚ ਨਵੇਂ ਚੁਣੇ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਅਤੇ ਫਿਰ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਸਬੰਧੀ ਕਾਰਵਾਈ ਕੀਤੀ ਗਈ। ਪ੍ਰਧਾਨ ਦੀ ਚੋਣ ਦੀ ਪ੍ਰਕ੍ਰਿਆ ਸ਼ੁਰੂ ਹੁੰਦਿਆਂ ਹੀ ਆਪ ਦੇ ਕੌਂਸਲਰ ਡਾ:ਅਸ਼ਵਨੀ ਸ਼ਰਮਾ ਨੇ ਬਹਾਦਰ ਸਿੰਘ ਓਕੇ ਦਾ ਨਾਂ ਪੇਸ਼ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਪਰਦੀਪ ਰੂੜਾ ਨੇ ਤਾਈਦ ਕੀਤੀ। ਪ੍ਰਧਾਨਗੀ ਲਈ ਬਹਾਦਰ ਸਿੰਘ ਓਕੇ ਸਮੇਤ 11 ਕੌਂਸਲਰਾਂ ਅਤੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਨੇ ਹੱਥ ਖੜ੍ਹੇ ਕਰਕੇ ਬਹਾਦਰ ਸਿੰਘ ਓਕੇ ਦੇ ਨਾਂ ‘ਤੇ ਮੋਹਰ ਲਗਾਈ। ਇਸੇ ਦੌਰਾਨ ਮੀਤ ਪ੍ਰਧਾਨ ਚੁਣੇ ਜਾਣ ਲਈ ਸਿਅਦ ਕੌਂਸਲਰ ਪਰਦੀਪ ਰੂੜਾ ਨੇ ਅਜ਼ਾਦ ਕੌਂਸਲਰ ਸ੍ਰੀਮਤੀ ਸ਼ਮ੍ਹਾਂ ਕਾਲੀਆ ਦਾ ਨਾਂ ਪੇਸ਼ ਕੀਤਾ ਜਿਸਦੀ ਤਾਈਦ ਆਪ ਕੌਂਸਲਰ ਡਾ:ਅਸ਼ਵਨੀ ਸ਼ਰਮਾ ਨੇ ਕੀਤੀ। ਸ਼ਮ੍ਹਾਂ ਕਾਲੀਆ ਦੇ ਹੱਕ ਵਿੱਚ ਵੀ 10 ਕੌਂਸਲਰਾਂ ਅਤੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ ਅਤੇ ਉਨ੍ਹਾਂ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਇਸ ਤਰ੍ਹਾਂ 17 ਵਿਚੋਂ 11 ਕੌਂਸਲਰ ਤੇ ਹਲਕਾ ਵਿਧਾਇਕ ਬਹਾਦਰ ਸਿੰਘ ਓਕੇ ਦੇ ਹੱਕ ਵਿੱਚ ਭੁਗਤੇ। ਦੂਜੇ ਪਾਸੇ ਕਾਂਗਰਸੀ ਕੌਂਸਲਰ ਭਾਰਤ ਭੂਸ਼ਨ ਨਾਲ ਸਬੰਧਤ ਧੜੇ ਵਲੋਂ ਬਹਾਦਰ ਸਿੰਘ ਓਕੇ ਨੂੰ 12 ਵੋਟਾਂ ਨਾਲ ਸਾਫ਼ ਬਹੁਮਤ ਮਿਲਿਆ ਦੇਖ ਕੇ ਆਪਣਾ ਨਾਂ ਹੀ ਪੇਸ਼ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਭੂਸ਼ਨ ਵਲੋਂ ਕਈ ਹਫ਼ਤਿਆਂ ਤੋਂ ਪ੍ਰਧਾਨਗੀ ਲਹੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ ਪਰ ਕਾਂਗਰਸੀ ਕੌਂਸਲਰਾਂ ਵਲੋਂ ਹੀ ਉਸ ਨੂੰ ਸਮਰਥਨ ਨਹੀਂ ਮਿਲ ਸਕਿਆ ਜਿਸ ਕਾਰਨ ਉਨ੍ਹਾਂ ਨੇ ਪ੍ਰਧਾਨਗੀ ਲਈ ਮੀਟਿੰਗ ਦੌਰਾਨ ਆਪਣਾਂ ਨਾਂ ਪੇਸ਼ ਨਹੀਂ ਕੀਤਾ।
ਅੱਜ ਹੋਈ ਦੌਰਾਨ ਬਹਾਦਰ ਸਿੰਘ ਓਕੇ ਦੇ ਪ੍ਰਧਾਨ ਬਣਨ ਨਾਲ ਜਿੱਥੇ ਸੱਤਾਧਾਰੀ ਧਿਰ ‘ਆਪ’ ਨੂੰ ਸ਼ਹਿਰ ਵਿੱਚ ਵੱਡਾ ਹੁਲਾਰਾ ਮਿਲਿਆ ਹੈ ਉਥੇ ਸੱਤਾਧਾਰੀ ਧਿਰ ਕਾਂਗਰਸੀ ਖੇਮੇ ਵਿੱਚ ਪਾੜ ਪਾਉਣ ਵਿੱਚ ਸਫ਼ਲ ਰਹੇ ਹਨ। ਕਾਂਗਰਸ ਦੇ ਪੰਜ ਕੌਂਸਲਰਾਂ ਵਿੱਚੋਂ ਤਿੰਨ ਕੌਂਸਲਰ ਅੱਜ ਦੀ ਚੋਣ ਦੌਰਾਨ ਬਹਾਦਰ ਸਿੰਘ ਓਕੇ ਦੇ ਹੱਕ ਵਿੱਚ ਭੁਗਤੇ ਜਦਕਿ ਇੱਕ ਅਜ਼ਾਦ ਕੌਂਸਲਰ ਵੀ ਬਹਾਦਰ ਸਿੰਘ ਓਕੇ ਦੇ ਹੱਕ ਵਿੱਚ ਭੁਗਤੀ। ਇਸ ਤੋਂ ਇਲਾਵਾ ਦੋ ਕਾਂਗਰਸੀ,ਭਾਜਪਾ ਦੀ ਇੱਕਲੌਤੀ ਕੌਂਸਲਰ ਤੇ ਤਿੰਨ ਹੋਰ ਬੀਜੇਪੀ ਪੱਖੀ ਅਜ਼ਾਦ ਕੌਂਸਲਰਾਂ ਨੇ ਬਹਾਦਰ ਸਿੰਘ ਦੇ ਹੱਕ ਵਿੱਚ ਭੁਗਤਣ ਤੋਂ ਕਿਨਾਰਾ ਕੀਤਾ।








