ਹਰਜੀਤ ਸਿੰਘ ਖਿਜ਼ਰਾਬਾਦ ਨੂੰ ਪੁਆਧ ਖੇਤਰ ਦੀ ਜ਼ਿੰਮੇਵਾਰੀ ਸੌਂਪੀ: ਅਜੇਪਾਲ ਸਿੰਘ ਬਰਾੜ

ਕੁਰਾਲੀ 4ਸਤੰਬਰ (ਰਣਜੀਤ ਸਿੰਘ ਕਾਕਾ)ਮਿਸਲ ਸਤਲੁਜ ਪਾਰਟੀ ਵੱਲੋਂ ਪੁਆਧ ਖੇਤਰ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਪਹਿਲ ਕਦਮੀ ਕਰਦਿਆਂ ਖਰੜ-ਕੁਰਾਲੀ ਸੜਕ ’ਤੇ ਪਿੰਡ ਪਡਿਆਲਾ ਨੇੜੇ ਸਥਿਤ ਪ੍ਰਭ ਆਸਰਾ, ਪੁਆਧ ਦੇ ਮੁੱਖ ਦਫ਼ਤਰ ਦਾ ਉਦਘਾਟਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਗਿਆ। ਇਸ ਮੌਕੇ ਮਿਸਲ ਸਤਲੁਜ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਐਲਾਨ ਕੀਤਾ ਕਿ ਪਾਰਟੀ ਵੱਲੋਂ ਸਰਦਾਰ ਹਰਜੀਤ ਸਿੰਘ ਖਿਜ਼ਰਾਬਾਦ ਨੂੰ ਪੁਆਧ ਖੇਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਖਿਜ਼ਰਾਬਾਦ ਲੰਬੇ ਸਮੇਂ ਤੋਂ ਮਿਸਲ ਸਤਲੁਜ ਪਾਰਟੀ ਨਾਲ ਜੁੜ ਕੇ ਪਾਰਟੀ ਦੀ ਮਜ਼ਬੂਤੀ ਲਈ ਵਡਮੁੱਲਾ ਯੋਗਦਾਨ ਪਾ ਰਹੇ ਹਨ।
ਬਰਾੜ ਨੇ ਕਿਹਾ ਕਿ ਪੁਆਧ ਖੇਤਰ ਪੰਜਾਬ ਦੀ ਵਿਲੱਖਣ ਸੱਭਿਆਚਾਰਕ, ਇਤਿਹਾਸਕ ਅਤੇ ਸਮਾਜਿਕ ਵਿਰਾਸਤ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਪਾਰਟੀ ਇਸ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ, ਹੱਕਾਂ ਅਤੇ ਮਸਲਿਆਂ ਨੂੰ ਪੂਰੀ ਗੰਭੀਰਤਾ ਨਾਲ ਉਠਾਉਣ ਲਈ ਵਚਨਬੱਧ ਹੈ। ਉਨ੍ਹਾਂ ਉਮੀਦ ਜਤਾਈ ਕਿ ਹਰਜੀਤ ਸਿੰਘ ਖਿਜ਼ਰਾਬਾਦ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਪੁਆਧ ਖੇਤਰ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ।
ਇਸ ਮੌਕੇ ਹਰਜੀਤ ਸਿੰਘ ਖਿਜ਼ਰਾਬਾਦ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਵਿਸ਼ੇਸ਼ ਕਰਕੇ ਅਜੇਪਾਲ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਉਨ੍ਹਾਂ ਲਈ ਮਾਣ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪੁਆਧ ਖੇਤਰ ਵਿੱਚ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮਿਹਨਤ, ਲਗਨ, ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਪੁਆਧ ਖੇਤਰ ਦੇ ਲੋਕਾਂ ਨਾਲ ਮਜ਼ਬੂਤ ਸੰਪਰਕ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਪਾਰਟੀ ਦੇ ਮੰਚ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ। ਉਨ੍ਹਾਂ ਪਾਰਟੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਨਿਰੰਤਰ ਸੰਪਰਕ ਵਿੱਚ ਰਹਿ ਕੇ ਮਿਸਲ ਸਤਲੁਜ ਦੀ ਜਥੇਬੰਦਕ ਤਾਕਤ ਨੂੰ ਹੋਰ ਮਜ਼ਬੂਤ ਕਰਨ।
ਇਸ ਮੌਕੇ ਮਨਦੀਪ ਸਿੰਘ ਖਿਜ਼ਰਾਬਾਦ, ਸਾਬਕਾ ਬਲਾਕ ਸੰਮਤੀ ਚੇਅਰਮੈਨ, ਬਾਬਾ ਹਰਜੀਤ ਸਿੰਘ ਹਰਮਨ,ਗੁਰਮੀਤ ਸਿੰਘ ਸ਼ਾਂਟੂ,ਰਾਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤ ਮਾਜਰਾ,ਬਲਜੀਤ ਸਿੰਘ ਬਿੱਲਾ, ਯੂਥ ਜਨਰਲ ਸਕੱਤਰ ਪੁਆਧ,ਗੁਰਵੀਰ ਸਿੰਘ ਧੀਰਾ, ਯੂਥ ਪ੍ਰਧਾਨ ਮੁਹਾਲੀ; ਸੁਖਵਿੰਦਰ ਸਿੰਘ, ਯੂਥ ਵਿੰਗ ਮੁਹਾਲੀ ਦੇ ਜਨਰਲ ਸਕੱਤਰ, ਮਾਨ ਫਤਿਹਗੜ੍ਹ ਸਾਹਿਬ; ਹਰਪਿੰਦਰ ਸਿੰਘ, ਯੂਥ ਪ੍ਰਧਾਨ ਫਤਿਹਗੜ੍ਹ ਸਾਹਿਬ, ਲੱਕੀ ਝੰਝੇੜੀ, ਜੀਵਨਪ੍ਰੀਤ ਸਿੰਘ ਸੰਗਤਪੁਰਾ ਅਤੇ ਗੁਰਨਾਜ ਸਿੰਘ ਮਾਣਕਪੁਰ ਸ਼ਰੀਫ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here