ਮਾਜਰੀ 31 ਜੁਲਾਈ (ਰਣਜੀਤ ਸਿੰਘ ਕਾਕਾ) ਨਿਊ ਚੰਡੀਗੜ ਦੇ ਪਪਿੰਡ ਮਾਣਕਪੁਰ ਸ਼ਰੀਫ਼ ਵਿਖੇ ਆਹਮੋ ਸਾਹਮਣੇ ਘਰਾਂ ਵਿੱਚ ਵਸਦੇ ਇੱਕ ਨੌਜਵਾਨ ਤੇ ਮੁਟਿਆਰ ਵੱਲੋਂ ਲਵ ਮੈਰਿਜ ਕਰਵਾਉਣ ਤੋਂ ਬਾਅਦ ਸਮੁੱਚੇ ਭਾਈਚਾਰੇ ਤੇ ਪਿੰਡ ਵਿੱਚ ਰੋਹ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਅੱਜ ਗ੍ਰਾਮ ਪੰਚਾਇਤ ਵੱਲੋਂ ਮੁੱਖ ਮਸਲਿਆਂ ਸਬੰਧੀ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿੱਚ ਗ੍ਰਾਮ ਸਭਾ ਰਾਹੀਂ ਮਾਪਿਆਂ ਦੀ ਸ਼ਹਿਮਤੀ ਬਿਨ੍ਹਾਂ ਵਿਆਹ ਕਰਵਾਉਣ ਵਾਲਿਆਂ ਖਿਲਾਫ਼ ਮਤਾ ਪਾਸ ਕੀਤਾ ਗਿਆ ਹੈ। 
ਇਸ ਸਬੰਧੀ ਸਰਪੰਚ ਦਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਅਗਰ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਮਾਪਿਆਂ ਦੀ ਸਹਿਮਤੀ ਬਿਨ੍ਹਾਂ ਘਰੋਂ ਭੱਜਕੇ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਪਿੰਡ ਅਤੇ ਨੇੜਲੇ ਪਿੰਡ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਉਨ੍ਹਾਂ ਨੂੰ ਪਿੰਡ ਦੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਅਗਰ ਪੰਚਾਇਤ ਦੇ ਇਸ ਮਤੇ ਖਿਲਾਫ਼ ਉਨ੍ਹਾਂ ਦਾ ਕੋਈ ਪਰਿਵਾਰਿਕ ਮੈਂਬਰ ਜਾਂ ਪਿੰਡ ਵਾਸੀ ਉਲੰਘਣਾ ਕਰਨ ਵਾਲੇ ਜੋੜੇ ਦੀ ਮਦਦ ਕਰੇਗਾ ਤਾਂ ਉਸ ਖਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਗ੍ਰਾਮ ਸਭਾ ਨੇ ਜਿਲਾ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਅਜਿਹੀ ਗਲਤੀ ਕਰਨ ਵਾਲਿਆਂ ਖਿਲਾਫ਼ ਖੁਦ ਕਾਰਵਾਈ ਕੀਤੀ ਜਾਵੇ। ਪੰਚਾਇਤ ਅਨੁਸਾਰ ਇਸ ਮਤੇ ਦਾ ਕਾਰਨ ਪਿੰਡ ਦੇ ਹੀ ਇੱਕ ਭਾਈਚਾਰੇ ਦੇ ਲੜਕੀ ਤੇ ਲੜਕੇ ਵੱਲੋਂ ਪਿੰਡ ‘ਚ ਹੀ ਵਿਆਹ ਕਰਵਾ ਲਿਆ ਗਿਆ। ਪੰਚਾਇਤ ਤੇ ਪਿੰਡ ਵਾਸੀਆਂ ਅਨੁਸਾਰ ਪਾਸ ਕੀਤੇ ਇਸ ਦਾ ਮਨੋਰਥ ਅੱਗੋਂ ਹੋਰ ਅਜਿਹੀਆਂ ਘਟਨਾਵਾਂ ਨੂੰ ਰੋਕ ਕੇ ਪਿੰਡ ਵਿੱਚ ਸ਼ਾਂਤੀ ਤੇ ਭਾਈਚਾਰਿਕ ਸਾਂਝ ਨੂੰ ਕਾਇਮ ਰੱਖਣਾ ਹੈ।








