ਕੁਰਾਲੀ 10 ਨਵੰਬਰ (ਰਣਜੀਤ ਸਿੰਘ ਕਾਕਾ)ਇਸ ਸੰਸਾਰ ਵਿੱਚ ਜੋ ਆਇਆ ਜਾਣਾ ਤਾਂ ਸਭ ਨੇ ਹੈ, ਪਰ ਅੱਧਵਾਟੇ ਤੁਰ ਗਇਆਂ ਦਾ ਦੁੱਖ ਪਿੱਛੇ ਰਹਿ ਗਇਆਂ ਲਈ ਉਮਰ ਭਰ ਨਸੂਰ ਬਣ ਜਾਂਦਾ। ਹੁੰਦਾ ਖੈਰ ਉਹ ਹੀ, ਜੋ ਰੱਬ ਨੂੰ ਮਨਜੂਰ ਹੁੰਦਾ ਹੈ। ਜ਼ਿਲ੍ਹਾ ਮੋਹਾਲੀ ਦੇ ਕਸਬਾ ਕੁਰਾਲੀ ਨੇੜਲੇ ਪਿੰਡ ਖੈਰਪੁਰ ਦਾ ਨੌਜਵਾਨ ਆਗੂ ਜਗਤਾਰ ਸਿੰਘ ਜੱਗਾ ਵੀ ਭਰ ਜਵਾਨੀ ਵਿੱਚ ਦਸੰਬਰ 2020 ਦੌਰਾਨ ਸੜਕ ਹਾਦਸੇ ਦਾ ਸ਼ਿਕਾਰ ਐਸਾ ਹੋਇਆ ਕਿ ਸਿਰ ਵਿੱਚ ਸੱਟ ਲੱਗਣ ਕਾਰਨ ਮੰਜੇ ਜੋਗਾ ਹੀ ਰਹਿ ਗਿਆ। ਜਿੰਦਗੀ ਮੌਤ ਦੀ ਲੜਾਈ ਲੜਦਾ ਅਖੀਰ ਲੰਘੀ 31 ਅਕਤੂਬਰ ਦੀਵਾਲੀ ਦੀ ਸਵੇਰ ਜੱਗੇ ਦੇ ਸ਼ਾਹਾਂ ਦਾ ਜਗਦਾ ਜੀਵਨ ਰੂਪੀ ਦੀਪ ਸਦਾ ਲਈ ਬੁਝ ਗਿਆ।

ਮਧਰੇ ਕੱਦ ਦਾ ਨੌਜਵਾਨ ਜੱਗਾ ਇੱਕ ਐਸਾ ਸ਼ਖਸ ਸੀ, ਜਿਸ ਨੂੰ ਵੀ ਇੱਕ ਵਾਰ ਮਿਲਿਆ, ਆਪਣੀ ਕਾਬਲੀਅਤ ਤੇ ਗੱਲਬਾਤ ਜਰੀਏ ਦਿਲਾਂ ‘ਤੇ ਗਹਿਰੀ ਛਾਪ ਛੱਡ ਜਾਂਦਾ ਸੀ। ਉਸ ਵਿੱਚ ਅਜੀਬ ਚੁੰਬਕੀ ਸ਼ਕਤੀ ਸੀ। ਫੁਰਤੀਲਾ, ਚੁਸਤ, ਮਿਹਨਤੀ, ਹੱਸਮੁੱਖ ਅਤੇ ਮੂੰਹ ‘ਤੇ ਸੱਚ ਕਹਿ ਦੇਣ ਵਾਲਾ। ਜਦ ਕਿ ਅਜਿਹੇ ਇਨਸਾਨ ਕੌੜੇ ਬੋਲਾਂ ਸਦਕਾ ਸਾਹਮਣੇ ਵਾਲੇ ਨੂੰ ਚੁਭਦੇ ਜਰੂਰ ਹਨ, ਇਹ ਜੀਵਨ ਦਾ ਸੱਚ ਹੈ। ਪਰ ਜੱਗਾ ਆਪਣੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਸਦਕਾ ਕੁੱਝ ਹੀ ਪਲਾਂ ਵਿੱਚ ਸਾਹਮਣੇ ਵਾਲੇ ਨੂੰ ਕਾਇਲ ਕਰ ਲੈਂਦਾ ਸੀ। ਦਿਲ ਦੇ ਸਾਫ਼ ਇਸ ਨੌਜਵਾਨ ਵਿੱਚ ਕੋਈ ਛਲ ਨਹੀਂ ਸੀ, ਸਗੋਂ ਦੂਜਿਆਂ ਦਾ ਭਲਾ ਕਰਨ ਦਾ ਵੱਲ ਸੀ।

ਨਸ਼ਿਆ ਤੋਂ ਦੂਰ, ਸਿਹਤ ਪ੍ਰਤੀ ਫਿਕਰਮੰਦ, ਇਸ ਨੌਜਵਾਨ ਵਿੱਚ ਸਵੇਰ ਤੋਂ ਸ਼ਾਮ ਤੱਕ ਕੰਮ ਪ੍ਰਤੀ ਲਗਨ ਤੇ ਲੋਹੜੇ ਦੀ ਊਰਜਾ ਸੀ, ਨਾ ਥੱਕਦਾ ਸੀ, ਨਾ ਅੱਕਦਾ ਸੀ। ਜੱਗੇ ਦੀ ਦਿਆਨਤਦਾਰੀ, ਇਮਾਨਦਾਰੀ, ਲਿਆਕਤ ਦੀਆਂ ਢੇਰ ਸਾਰੀਆਂ ਕਹਾਣੀਆਂ, ਉਸ ਦੇ ਸੰਗੀ ਸਾਥੀਆਂ ਕੋਲ ਹਨ। ਡੇਰਾਬੱਸੀ ਨੇੜੇ ਇੱਕ ਪਿੰਡ ਦੇ ਕਿਸੇ ਘਰ ਬੰਧੂਆ ਪਰਵਾਸੀ ਮਜ਼ਦੂਰ ਬਾਰੇ ਸੁਣ ਕੇ ਜੱਗਾ ਆਪਣੇ ਸਾਥੀਆਂ ਨਾਲ ਝੱਟ ਉੱਥੇ ਪਹੁੰਚਿਆ ਤੇ ਪ੍ਰਵਾਸੀ ਨੂੰ ਛੁਡਵਾਇਆ ਤੇ ਉਸ ਦੇ ਘਰ ਭੇਜਣ ਤੱਕ ਉਸਦੀ ਮਦਦ ਕੀਤੀ। ਪਿੰਡ ਤੇ ਇਲਾਕੇ ਵਿੱਚ ਜਿਸ ਕਿਸੇ ਨੂੰ ਵੀ ਉਸ ਦੇ ਬੇਵਕਤੇ ਤੁਰ ਜਾਣ ਦੀ ਖਬਰ ਮਿਲੀ, ਹਰ ਕੋਈ ਗਮਗੀਨ ਹੋਇਆ। ਇਸ ਰੰਗਲੇ ਸੱਜਣ ਨਮਿਤ ਰਖਵਾਏ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 10 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਖੈਰਪੁਰ ਵਿਖੇ ਹੋਵੇਗੀ। ਸਕੇ ਸਬੰਧੀ, ਦੋਸਤ ਮਿੱਤਰ ਤੇ ਵੱਖ ਵੱਖ ਧਾਰਮਿਕ, ਸਮਾਜਿਕ ਸਖਸੀਅਤਾਂ, ਜੋਬਨ ਰੁੱਤੇ ਸਦੀਵੀ ਵਿਛੋੜਾ ਦੇ ਗਏ ਨੌਜਵਾਨ ਜਗਤਾਰ ਸਿੰਘ ਜੱਗਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

LEAVE A REPLY

Please enter your comment!
Please enter your name here