ਕੁਹਾਲੀ 29 ਮਈ (ਰਣਜੀਤ ਸਿੰਘ) –
ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੀ ਕੁਰਾਲੀ ਫੇਰੀ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਲੋਕ ਹਿੱਤ ਮਿਸ਼ਨ ਅਤੇ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਰਾਜਨਾਥ ਸਿੰਘ ਦੀ ਆਮਦ ਮੌਕੇ ਬੰਨਮਾਜਰਾ ਬਾਈਪਾਸ ਤੇ ਗੁਜਰਨ ਸਮੇਂ ਰਾਜਨਾਥ ਸਿੰਘ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਅਤੇ ਭਾਜਪਾ ਖਿਲਾਫ ਅਤੇ ਕਿਸਾਨੀ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਲੋਕ ਹਿੱਤ ਮਿਸ਼ਨ ਦੇ ਆਗੂ ਸੁਖਦੇਵ ਸਿੰਘ ਸੁੱਖਾ ਕੰਨਸਾਲਾ, ਗੁਰਮੀਤ ਸਿੰਘ ਛਾਂਟੂ, ਰਵਿੰਦਰ ਸਿੰਘ ਵਜੀਦਪੁਰ, ਸਰਪੰਚ ਗੁਰਦੇਵ ਸਿੰਘ ਕੁੱਬਾਹੇੜੀ , ਕਿਸਾਨ ਯੂਨੀਅਨ ਕਾਦੀਆਂ ਦੇ ਜਰਨੈਲ ਸਿੰਘ ਗੋਸਲਾਂ, ਅਮਰਜੀਤ ਸਿੰਘ ਕਕਰਾਲੀ, ਵਰਿੰਦਰ ਸਿੰਘ ਬਮਨਾੜਾ, ਇੰਦਰਜੀਤ ਸਿੰਘ ਬਡਾਲੀ, ਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਅਮਰਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਜਿੱਥੇ ਦਿੱਲੀ ਸੰਘਰਸ਼ ਸਮੇਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਉੱਥੇ ਮੁੜ ਵਾਦੇ ਚੇਤੇ ਕਰਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਵਿਖੇ ਰੋਕ ਕੇ ਉਹਨਾਂ ਤੇ ਅੱਥਰੂ ਗਏ ਚਲਾਏ ਗਏ ਅਤੇ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਤੋਂ ਭਾਜਪਾ ਨੂੰ ਵੋਟ ਮੰਗਣ ਦਾ ਕੋਈ ਹੱਕ ਨਹੀਂ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਭਾਜਪਾ ਦਾ ਪੂਰੇ ਪੰਜਾਬ ਵਿੱਚ ਚੋਣਾਂ ਦੌਰਾਨ ਵਿਰੋਧ ਜਾਰੀ ਹੈ। ਇਸੇ ਤਹਿਤ ਅੱਜ ਕੁਰਾਲੀ ਵਿਖੇ ਰਾਜਨਾਥ ਸਿੰਘ ਦੀ ਆਮਦ ਮੌਕੇ ਵਿਰੋਧ ਕਰਕੇ ਉਹਨਾਂ ਨੂੰ ਅਹਿਸਾਸ ਕਰਾਇਆ ਗਿਆ ਕਿ ਦੇਸ਼ ਦਾ ਅੰਨਦਾਤਾ ਤੁਹਾਡੀ ਪਾਰਟੀ ਅਤੇ ਸਰਕਾਰ ਤੋਂ ਖੁਸ਼ ਰਹੀ ਹੈ I ਇਸ ਲਈ ਮੰਗਾਂ ਨਾ ਮੰਨਣ ਤੱਕ ਭਾਜਪਾ ਨੂੰ ਪੰਜਾਬ ਵਿੱਚ ਕਿਰਤੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ ਵਿਰੋਧ ਕਰ ਰਹੇ ਕਿਸਾਨਾਂ ਦੇ ਅੱਗੇ ਰੋਪੜ ਪੁਲਿਸ ਵੱਲੋਂ ਬੱਸ ਖੜੀ ਕਰ ਦਿੱਤੇ ਜਾਣ ਕਾਰਨ ਕਿਸਾਨ ਰੋਹ ਵਿੱਚ ਆ ਗਏ ਅਤੇ ਰੋਸ ਵਜੋਂ ਟਰੈਫਿਕ ਜਾਮ ਕਰਨ ਲਈ ਤੁਰ ਪਏ ਪਰ ਮੌਕੇ ਤੇ ਮੋਹਾਲੀ ਪੁਲਿਸ ਦੇ ਡੀਐਸਪੀ ਸਿੰਘ ਵੱਲੋਂ ਕਿਸਾਨਾਂ ਨੂੰ ਸਮਝਾ ਕੇ ਸ਼ਾਂਤ ਕੀਤਾ ਗਿਆ। ਇਸ ਮੌਕੇ ਸੋਹਣ ਸਿੰਘ ਸੰਗਤਪੁਰਾ, ਜਸਵੀਰ ਸਿੰਘ ਲਾਲਾ ਸਲੇਮਪੁਰ, ਗੁਰਬਚਨ ਸਿੰਘ ਮੁੰਧੋ, ਸੋਨੀ ਦੁਸਾਰਨਾ, ਸੱਜਣ ਸਿੰਘ ਮੀਆਂਪੁਰ, ਬਹਾਦਰ ਸਿੰਘ ਮੁੰਧੋਂ, ਗੁਰਪਾਲ ਸਿੰਘ ਬਡਾਲੀ, ਸੰਦੀਪ ਸਿੰਘ ਪਪਰਾਲੀ ਤੇ ਸੁਖਵਿੰਦਰ ਸਿੰਘ ਕਾਲੇਵਾਲ ਆਦਿ ਕਿਸਾਨ ਆਗੂ ਵੀ ਹਾਜਰ ਸਨ।

LEAVE A REPLY

Please enter your comment!
Please enter your name here