।ਕੁਰਾਲੀ,23 ਮਾਰਚ(ਰਣਜੀਤ ਸਿੰਘ ਕਾਕਾ)ਸਕੂਲੀ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਤੋਂ ਬਾਅਦ ਵੀ ਸਕੂਲਾਂ ਤੇ ਗਤੀਵਿਧੀਆਂ ਨਾਲ ਜੋੜੀ ਰੱਖਣ ਦੇ ਮਨੋਰਥ ਨਾਲ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਪ੍ਰੀ-ਸੈਸ਼ਨ ਸਕੂਲ ਐਕਟੀਵਿਟੀ ਕੈਂਪ’ ਲਗਾਇਆ ਗਿਆ। ਲੈਕਚਰਾਰ ਰਾਜਨ ਸ਼ਰਮਾ ਦੀ ਅਗਵਾਈ ਵਿੱਚ ਲਗਾਏ ਗਏ ਇਸ ਕੈਂਪ ਦੌਰਾਨ ਵਿਦਿਆਰਥੀਆਂ ਦੀਆਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਪ੍ਰਿੰਸੀਪਲ ਪੁਸ਼ਪਿੰਦਰ ਕੌਰ ਦੀ ਦੇਖਰੇੇਖ ਅੇਠ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਸਕੂਲ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਜ਼ੈਲਦਾਰ ਕੁਲਵਿੰਦਰ ਸਿੰਘ ਨੇ ਕੀਤਾ। ਉਨ੍ਹਾਂ ਲੈਕਚਰਾਰ ਰਾਜਨ ਸ਼ਰਮਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਤਿੰਨ ਰੋਜ਼ਾ ਇਸ ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਸੁੰਦਰ ਲਿਖਤ ਦੇ ਮਹੱਤਵ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਸਵੱਛਤਾ ਮੁਹਿੰਮ ਚਲਾਈ ਗਈ। ਦੂਜੇ ਦਿਨ ਜਸਪ੍ਰੀਤ ਸਿੰਘ ਸਿੰਘਪੁਰਾ ਨੇ ਭਾਸ਼ਣ ਦੇਣ ਦੀ ਕਲਾ ਬਾਰੇ ਦੱਸਿਆ ਜਦਕਿ ਵਿਦਿਆਥੀਆਂ ਨੇ ਵੀ ਭਾਸ਼ਣ ਦਿੱਤੇ। ਬੀਐੱਮ ਸੰਜੀਵ ਕੁਮਾਰ ਨੇ ਭਾਸ਼ਣ ਕਲਾ ਬਾਰੇ ਵਿਚਾਰ ਪੇਸ਼ ਕਰਦਿਆਂ ਹਰ ਵਿਦਿਆਰਥੀ ਨੂੰ ਇਸ ਕਲਾ ਵਿੱਚ ਨਿਪੁੰਨ ਹੋਣ ਦਾ ਸੱਦਾ ਦਿੱਤਾ। ਅੰਤਿਮ ਤੇ ਤੀਜੇ ਦਿਨ ਵਿਦਿਆਰਥੀਆਂ ਅੰਦਰ ਲਿਖਣ ਦੀ ਕਲਾ ਪੈਦਾ ਕਰਨ ਦੇ ਮਨੋਰਥ ਨਾਲ ਲੇਖ ਲਿਖਣ ਦੇ ਨੁਕਤੇ ਸਾਂਝੇ ਕੀਤੇ ਗਏ। ਰਾਜਨ ਸ਼ਰਮਾ ਨੇ ਇਸ ਕਲਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਦਕਿ ਬੀਐੱਮ ਕਮਲਜੀਤ ਸਿੰਘ ਸਿੱਧੂ ਨੇ ਲਿਖਣ ਕਲਾ ਦੀਆਂ ਬਾਰੀਕੀਆਂ ਸਬੰਧੀ ਜਾਣੂ ਕਰਵਾਇਆ। ਕੈਂਪ ਦੇ ਸਮਾਪਤੀ ਸਮਾਗਮ ਵਿੱਚ ਸਰਪੰਚ ਸਾਧੂ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਕੈਂਪ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪਿ੍ਰੰਸੀਪਲ ਪੁਸ਼ਪਿੰਦਰ ਕੌਰ ਤੇ ਸਾਧੂ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪ੍ਰੀਖਿਆਵਾਂ ਤੋਂ ਵਿਹਲੇ ਹੋਏ ਵਿਦਿਆਰਥੀ ਮਾੜੀ ਸੰਗਤ ਤੇ ਬੁਰੀਆਂ ਆਦਤਾਂ ਤੋਂ ਬਚ ਸਕਣਗੇ। ਅੰਤ ਵਿੱਚ ਰਾਜਨ ਸ਼ਰਮਾ ਨੇ ਕੈਂਪ ਲਗਾਉਣ ਦੇ ਮਨੋਰਥਾਂ ਬਾਰੇ ਦੱਸਦਿਆਂ ਵਿਦਿਆਰਥੀਆਂ ਵਲੋਂ ਦਿਖਾਈ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਸਭਨਾਂ ਦਾ ਧੰਨਵਾਦ ਕੀਤਾ।








