ਕੁਰਾਲੀ 17 ਫਰਵਰੀ (ਰਣਜੀਤ ਸਿੰਘ ਕਾਕਾ) :- ਸ਼ਹਿਰ ਦੇ ਰੋਪੜ੍ਹ ਰੋਡ ਸਥਿਤ ਨੈਸ਼ਨਲ ਹਾਈਵੇ 21 ਉਤੇ ਸਵੇਰੇ ਤੜਕਸਾਰ ਇਕ ਖੁੱਲੇ ਪਏ ਗੰਦੇ ਨਾਲੇ ਵਿੱਚ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹਣ ਦੀ ਖਬਰ ਪ੍ਰਾਪਤ ਹੋਈ ਹੈ । ਮ੍ਰਿਤਕ ਦੀ ਪਹਿਚਾਣ ਅਮਰਜੀਤ ਸਿੰਘ (65) ਵਾਸੀ ਵਾਰਡ ਨੰਬਰ 6 ਕੁਰਾਲੀ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਅਮਰਜੀਤ ਸਿੰਘ ਜੋ ਪੇਸ਼ੇ ਤੋਂ ਸ਼ਹਿਰ ਦੇ ਸਿਸਵਾਂ ਰੋਡ ਨੇੜੇ ਬੱਸ ਅੱਡਾ ਵਿਖੇ ਫਰੂਟ ਵੇਚਣ ਦਾ ਧੰਦਾ ਕਰਦਾ ਸੀ। ਰੋਜ਼ਾਨਾਂ ਦੀ ਤਰਾਂ ਜਦੋਂ ਸਵੇਰੇ ਤੜਕੇ 6 ਵਜੇ ਦੇ ਕਰੀਬ ਅਮਰਜੀਤ ਸਿੰਘ ਆਪਣੀ ਰੇਹੜੀ ਲੈ ਕੇ ਘਰੋਂ ਨਿਕਲਿਆ ਤਾਂ ਬੰਸਲ ਮੈਡੀਕਲ ਸਟੋਰ ਲਾਗੇ ਹਨੇਰਾ ਹੋਣ ਕਾਰਨ ਵਗਦੇ ਗੰਦੇ ਨਾਲੇ ਵਿੱਚ ਜਾ ਡਿੱਗਾ। ਮੌਕੇ ਉਤੇ ਰੋਡ ਤੋਂ ਲੰਘਦੇ ਰਾਹਗੀਰਾਂ ਵੱਲੋਂ ਇਸਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਜਿਸ ਉਪਰੰਤ ਅਮਰਜੀਤ ਸਿੰਘ ਨੂੰ ਨਾਲੇ ਵਿੱਚੋਂ ਕੱਢ ਕੇ ਸਾਹਮਣੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ ਜਿਥੇ ਅਮਰਜੀਤ ਸਿੰਘ ਨੂੰ ਡਾਕਟਰਾਂ ਵੱਲੋਂਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਥਾਣਾ ਸਿਟੀ ਨੂੰ ਇਸ ਸਬੰਧੀ ਸੂਚਤ ਕਰ ਦਿੱਤਾ ਗਿਆ । ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਸ਼ਹਿਰ ਦੇ ਪਪਰਾਲੀ ਰੋਡ ਸਥਿਤ ਇਸੇ ਤਰਾਂ ਇਕ ਖੁੱਲੇ ਪਏ ਨਾਲੇ ਵਿੱਚ ਡਿੱਗਣ ਕਾਰਨ ਥਾਣਾ ਸਿਟੀ ਕੁਰਾਲੀ ਵਿਖੇ ਤਾਇਨਾਤ ਇਕ ਏ ਐਸ ਆਈ ਦੀ ਮੌਤ ਹੋ ਗਈ ਸੀ।








