:ਮੁੰਧੋਂ ਸੰਗਤੀਆਂ ਵਿਖੇ ਲੜਕੀਆਂ ਦੇ ਬਾਥਰੂਮਾਂ ਦਾ ਉਦਘਾਟਨ ਕਰਦੀਆਂ ਵਿਦਿਆਰਥਣਾਂ ਤੇ ਹੋਰ ਪਤਵੰਤੇ।
ਕੁਰਾਲੀ,6 ਦਸੰਬਰ(ਰਣਜੀਤ ਸਿੰਘ ਕਾਕਾ) ਨੇੜਲੇ ਪਿੰਡ ਮੁੰਧੋਂ ਸੰਗਤੀਆਂ ਵਿਖੇ ਮਹਿੰਦਰਾ ਐਂਡ ਮਹਿੰਦਰਾ ਵਲੋਂ ਬਣਾਏ ਲੜਕੀਆਂ ਦੇ ਬਾਥਰੂਮ ਅਤੇ ਵਾਟਰ ਹਾਰਵੈਸਟਿੰਗ ਸਿਸਟਮ ਦੇ ਉਦਘਾਟਨ ਸਬੰਧੀ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਬੰਦਨਾ ਪੁਰੀ ਦੀ ਦੇਖਰੇਖ ਹੇਠ ਹੋਏ ਇਸ ਸਮਾਗਮ ਦੌਰਾਨ ਮਹਿੰਦਰਾ ਐਂਡ ਮਹਿੰਦਰਾ ਦੇ ਸੀਨੀਅਰ ਜਨਰਲ ਮੈਨੇਜ਼ਰ ਅਰੁਨ ਰਾਘਵ ਨੇ ਦੋਵੇਂ ਪ੍ਰੋਜੈਕਟਾਂ ਸਕੂਲ ਨੂੰ ਸਮਰਪਿਤ ਕੀਤੇ।
ਮਹਿੰਦਰਾ ਐਂਡ ਮਹਿੰਦਰਾ ਦੀ ਸਵਰਾਜ ਡਵੀਜ਼ਨ ਵਲੋਂ ਚਲਾਏ ਗਿਆਨਦੀਪ ਪ੍ਰੋਜੈਕਟ ਤਹਿਤ ਮਾਨਵ ਵਿਕਾਸ ਸੰਸਥਾ ਵਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਕੁੜੀਆਂ ਦੇ ਬਾਥਰੂਮ ਅਤੇ ਬਾਰਿਸ਼ ਦੇ ਪਾਣੀ ਨੂੰ ਮੁੜ ਧਰਤੀ ਵਿੱਚ ਪਾ ਕੇ ਰੀਚਾਰਜ਼ ਕਰਨ ਦੇ ਮਨੋਰਥ ਨਾਲ ਰੂਫ਼ ਰੇਨਵਾਰਟਰ ਹਾਰਵੈਸਟਿੰਗ ਸਿਸਟਮ ਸਥਾਪਿਤ ਕੀਤਾ ਗਿਆ ਹੈ। ਇਨ੍ਹਾਂ ਦੋਵੇਂ ਪ੍ਰੋਜੈਕਟਾਂ ਦੇ ਉਦਘਾਟਨ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਮੁੱਖ ਮਹਿਮਾਨ ਅਰੁਨ ਰਾਘਵ,ਸਿਆਲਬਾ ਯੂਨਿਟ ਦੇ ਮੁਖੀ ਰਾਓ ਸਾਹਿਬ ਅਤੇ ਪ੍ਰਿੰਸੀਪਲ ਬੰਦਨਾ ਪੁਰੀ ਦੀ ਹਾਜ਼ਰੀ ਵਿੱਚ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਅਰੁਨ ਰਾਘਵ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਮੇਂ ਦੇ ਹਾਣੀ ਬਣਨ ਅਤੇ ਮਿਹਨਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਪ੍ਰਿੰਸੀਪਲ ਬੰਦਨਾ ਪੁਰੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮਹਿੰਦਰਾ ਐਂਡ ਮਹਿੰਦਰਾ ਵਲੋਂ ਸਕੂਲ ਵਿੱਚ ਸਥਾਪਿਤ ਕੀਤੇ ਪ੍ਰੋਜੈਕਟਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਲੜਕੀਆਂ ਲਈ ਪਖਾਨਿਆਂ ਦੀ ਘਾਟ ਪੂਰੀ ਹੋਈ ਹੈ ਉੱਥੇ ਬਾਰਿਸ਼ ਦਾ ਪਾਣੀ ਧਰਤੀ ਵਿੱਚ ਜਾ ਸਕੇਗਾ ਤਾਂ ਜੋ ਧਰਤੀ ਵਿੱਚ ਪਾਣੀ ਦਾ ਪੱਧਰ ਵਧ ਸਕੇ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦੀ ਮੰਗ ਕੀਤੀ ਅਤੇ ਸਕੂਲ ਵਿੱਚ ਹੋਣ ਵਾਲੇ ਕੰਮਾਂ ਸਬੰਧੀ ਮਹਿਮਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸਕੂਲ ਦੇ ਅਹਾਤੇ ਵਿੱਚ ਪੌਦੇ ਵੀ ਲਗਾਏ ਗਏ। ਸਮਾਗਮ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here