ਮੁੰਧੋਂ ਸੰਗਤੀਆਂ ਵਿਖੇ ਇਨਡੋਰ ਸਪੋਰਟਸ ਰੂਮ ਦਾ ਉਦਘਾਟਨ ਕਰਕੇ ਰੋਟਰੀ ਕਲੱਬ ਚੰਡੀਗੜ੍ਹ ਦੇ ਮੈਂਬਰ।
ਕੁਰਾਲੀ 16 ਨਵੰਬਰ (ਰਣਜੀਤ ਸਿੰਘ ਕਾਕਾ)ਨੇੜਲੇ ਪਿੰਡ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੋਟਰੀ ਕਲੱਬ ਚੰਡੀਗੜ੍ਹ (ਸੈਂਟਰਲ) ਵਲੋਂ ਲੱਖਾਂ ਦੀ ਲਾਗਤ ਨਾਲ ਤਿਆਰ ਕਰਵਾਏ ਇਨਡੋਰ ਸਪੋਰਟਸ ਰੂਮ ਦੇ ਉਦਘਾਟਨ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਪੋਰਟਸ ਰੂਮ ਸਕੂਲ ਦੇ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ।
ਪ੍ਰਿੰਸੀਪਲ ਬੰਦਨਾ ਪੁਰੀ ਦੀ ਦੇਖਰੇਖ ਹੇਠ ਹੋਏ ਇਸ ਸਮਾਗਮ ਦੇ ਪਹਿਲੇ ਚਰਨ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਰਾਗੀ ਜਥੇ ਨੇ ਗੁਰਬਾਣੀ ਦੇ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸਕੂਲ ਵਿੱਚ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਭੁਪਿੰਦਰ ਸਿੰਘ ਕਪੂਰ ਦੀ ਅਗਵਾਈ ਵਿੱਚ ਕਲੱਬ ਦੇ ਸਮੂਹ ਮੈਂਬਰਾਂ ਅਸ਼ੀਸ਼ ਮਿੱਡਾ,ਡੀਐੱਸ ਮਲਹੋਤਰਾ,ਆਰਐੱਸ ਚੀਮਾ,ਆਰਐੱਸ ਨਿੱਬਰ,ਡੀਐੱਸ ਸੈਣੀ,ਦੀਪਕ ਵਰਮਾ,ਵੇਦ ਪ੍ਰਕਾਸ਼ ਸ਼ਰਮਾ,ਹਰਦੇਵ ਸਿੰਘ ਵਲੋਂ ਅਤੇ ਏਐੱਸ ਰੰਧਾਵਾ ਨੇ ਸਾਂਝੇ ਤੌਰ ‘ਤੇ ਸਪੋਰਟਸ ਰੂਮ ਦਾ ਉਦਘਾਟਨ ਕੀਤਾ। ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਕਪੂਰ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਦੀ ਲੋੜ ਨੂੰ ਦੇਖਦਿਆਂ ਕਲੱਬ ਵਲੋਂ ਇੰਟਰਨੈਸ਼ਨਲ ਸਵਿੱਚਗੇਅਰ ਪ੍ਰਾਈਵੇਟ ਲਿਮਟਿਡ ਦੇ ਐੱਮਡੀ ਏਐੱਸ ਰੰਧਾਵਾ ਦੇ ਵਿਸ਼ੇਸ਼ ਸਹਿਯੋਗ ਨਾਲ ਸਪੋਰਟਸ ਰੂਮ ਦਾ ਨਿਰਮਾਣ ਕਰਵਾ ਕੇ ਸਕੂਲ ਦੇ ਖਿਡਾਰੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਸਿੱਖਿਆ ਦੇਣ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾਂ ਵੀ ਲਾਜ਼ਮੀ ਹੈ ਅਤੇ ਇਸ ਮੰਤਵ ਲਈ ਹੀ ਕਲੱਬ ਨੇ ਇਹ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨਿਰਮਾਣ ਛੇ ਮਹੀਨਿਆਂ ਦੇ ਅਰਸੇ ਵਿੱਚ ਮੁਕੰਮਲ ਕੀਤਾ ਗਿਆ ਹੈ। ਪ੍ਰਿੰਸੀਪਲ ਬੰਦਨਾ ਪੁਰੀ ਨੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਕੂਲ ਦੇ ਖਿਡਾਰੀਆਂ ਦੀ ਲੋੜ ਪੂਰੀ ਹੋਵੇਗੀ ਅਤੇ ਵਿਦਿਆਰਥੀਆਂ ਦੀ ਖੇਡਾਂ ਵਿੱਚ ਹੋਰ ਦਿਲਚਸਪੀ ਵਧੇਗੀ।
ਸਮਾਗਮ ਦੇ ਅਗਲੇ ਚਰਨ ਵਿੱਚ ਸਕੂਲ ਦੇ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ। ਟੀਚਰ ਫੈਸਟ ਵਿੱਚ ਜ਼ਿਲ੍ਹੇ ਵਿੱਚੋਂ ਅੱਵਲ ਰਹਿਣ ਲਈ ਹਿੰਦੀ ਅਧਿਆਪਕਾ ਸੋਨੀਆ ਰਾਣੀ ਅਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਲੈਕਚਰਾਰ ਸਤਿੰਦਰ ਸੋਨੀਆ ਨੂੰ ਵਿਸ਼ੇਸ਼ ਤੌਰ ‘ਤੇ ਸਨਾਮਨਿਤ ਕੀਤਾ ਗਿਆ। ਇਸੇ ਦੌਰਾਨ ਰੋਟਰੀ ਕਲੱਬ ਦੇ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੂੰ ਵੀ ਸਕੂਲ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੈਂਨੇਜ਼ਮੈਂਟ ਕਮੇਟੀ ਦੇ ਮੈਂਬਰ,ਇਲਾਕੇ ਦੀਆਂ ਪੰਚਾਇਤਾਂ ਅਤੇ ਹੋਰਨਾਂ ਪਤਵੰਤਿਆਂ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਿਆ। ਪ੍ਰਿੰਸੀਪਲ ਬੰਦਨਾ ਪੁਰੀ ਨੇ ਸਭਨਾਂ ਦਾ ਧੰਨਵਾਦ ਕੀਤਾ।








