<ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਲਾ ਰਾਮ ਤੇ ਹੋਰ ਆਗੂ ਸ਼ਾਮਲਾਤ ਜ਼ਮੀਨਾਂ ਪੰਚਾਇਤਾਂ ਦੇ ਨਾਂਅ ਤਬਦੀਲ ਕਰਨ ਦੇ ਸਰਕਾਰੀ ਫੁਰਮਾਨ ਵਿਰੁੱਧ ਸੰਘਰਸ਼ ਦੀ ਰੂਪ ਰੇਖਾ ਦਾ ਐਲਾਨ ਕਰਦੇ ਹੋਏ। ਮੁੱਲਾਪੁਰ ਗਰੀਬਦਾਸ16 ਨਵੰਬਰ (ਰਣਜੀਤ ਸਿੰਘ ਕਾਕਾ)ਪੰਜਾਬ ਸਰਕਾਰ ਵੱਲੋਂ ਸ਼ਾਮਲਾਤ ਜ਼ਮੀਨਾਂ ਪੰਚਾਇਤਾਂ ਦੇ ਨਾਂ ਤਬਦੀਲ ਕਰਨ ਦੇ ਵਿਰੋਧ ‘ਚ ਇਲਾਕੇ ਦੇ ਕਿਸਾਨਾਂ ਵੱਲੋਂ 21 ਨਵੰਬਰ ਨੂੰ ਮੁੱਲਾਂਪੁਰ ਗਰੀਬਦਾਸ ਵਿਖੇ ਕਿਸਾਨ ਕਾਨਫਰੰਸ ਕੀਤੀ ਜਾ ਰਹੀ ਹੈ। ਜਿਸ ਵਿੱਚ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਤੇ ਲੋਕ ਹਿੱਤ ਮਿਸ਼ਨ ਦੇ ਆਗੂ ਵੀ ਪੁੱਜ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਢੀ ਖੇਤਰ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਦਿੱਲਾ ਰਾਮ ਮਿਰਜ਼ਾਪੁਰ ਨੇ ਦੱਸਿਆ ਕਿ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛੁਡਾਉਣੇ ਚੰਗਾ ਫ਼ੈਸਲਾ ਹੈ, ਲੇਕਿਨ ਇਸਦੀ ਆੜ ‘ਚ ਇਲਾਕੇ ‘ਚ ਜੋ ਜ਼ਮੀਨਾਂ ਸਦੀਆਂ ਤੋਂ ਉਨ੍ਹਾਂ ਦੇ ਪੁਰਖਿਆ ਨੇ ਤੋੜੀਆਂ ਤੇ ਵਾਹੀਯੋਗ ਬਣਾਈਆਂ ਤੇ ਪੀੜ੍ਹੀ ਦਰ ਪੀੜ੍ਹੀ ਕਾਸ਼ਤ ਕਰਦੇ ਆ ਰਹੇ ਹਨ। ਉਨ੍ਹਾਂ ਦੀਆਂ ਗਿਰਦਵਾਰੀਆਂ ਤੇ ਰਜਿਸਟਰੀਆਂ ਵੀ ਹੁੰਦੀਆਂ ਹਨ। ਉਨ੍ਹਾਂ ਦੀ ਰੋਜ਼ੀ ਰੋਟੀ ਦਾ ਸਾਧਨ ਇਹੀ ਥੋੜੀਆਂ ਥੋੜ੍ਹੀਆਂ ਜ਼ਮੀਨਾਂ ਹਨ। ਇਸ ਲਈ ਮੋਹਾਲੀ ਜਿਲੇ ਦੇ ਸ਼ਿਵਾਲਿਕ ਪਹਾੜੀਆਂ ਅਧੀਨ ਪਿੰਡਾਂ ਦੇ ਕਿਸਾਨ ਪ੍ਰਸਾਸ਼ਨ ਰਾਹੀਂ ਸਰਕਾਰ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਸੁਣਵਾਈ ਨਾ ਹੋਣ ‘ਤੇ ਹੁਣ ਉਨ੍ਹਾਂ ਇਹ ਮਸਲਾ ਕਿਸਾਨ ਜਥੇਬੰਦੀ ਰਾਜੇਵਾਲ ਅਤੇ ਲੋਕ ਹਿੱਤ ਮਿਸ਼ਨ ਦੇ ਧਿਆਨ ‘ਚ ਲਿਆਦਾ ਹੈ। ਪੰਜਾਬ ਸਰਕਾਰ ਦੇ ਤਬਦੀਲ ਮਲਕੀਅਤ ਪੰਚਾਇਤਾਂ ਦੇ ਨਾਂਅ ਕਰਨ ਵਿਰੁੱਧ 21 ਨਵੰਬਰ ਨੂੰ ਕਿਸਾਨ ਕਾਨਫਰੰਸ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਨ੍ਹਾਂ ਕਿਹਾ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜ਼ਮੀਨਾਂ ਖੋਹੀਆਂ ਤਾਂ ਇਨਸਾਫ਼ ਪ੍ਰਾਪਤੀ ਲਈ ਅਣਮਿਥੇ ਸਮੇਂ ਲਈ ਸਰਕਾਰ ਦੇ ਲੋਕ ਵਿਰੋਧੀ ਫ਼ੈਸਲੇ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ, ਥਾਂ ਥਾਂ ਧਰਨੇ ਮੁਜ਼ਾਹਰੇ ਕੀਤੇ ਜਾਣਗੇ।








