ਕੁਰਾਲੀ25 ਸਤੰਬਰ ( ਮਾਰਸ਼ਲ ਨਿਊਜ਼)ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਜਰੀ ਦੀ ਟੀਮ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾਂ ਰਾਜੇਸ਼ ਕੁਮਾਰ ਰਹੇਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਤਾਰ ਬਾਰਿਸ਼ ਹੋਣ ਕਾਰਨ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਫੀਲਡ ਦਾ ਦੌਰਾ ਕੀਤਾ। ਇਸ ਸਬੰਧੀ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੀਂਹ ਨਾਲ ਹੋਏ ਖ਼ਰਾਬੇ ਦਾ ਅਨੁਮਾਨ ਲਗਾਉਣ ਲਈ ਖੇਤੀ ਮਾਹਿਰਾਂ ਦੀ ਟੀਮ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਫਸਲਾਂ ਦਾ ਸਰਵੇਖਣ ਕੀਤਾ। ਡਾਂ ਗੁਰਪ੍ਰੀਤ ਸਿੰਘ ਅਤੇ ਡਾਂ ਕੇਤਨ ਚਾਵਲਾ ਏ ਡੀ ੳ ਵਲੋਂ ਸਰਵੇਖਣ ਦੌਰਾਨ ਵੇਖਿਆ ਕਿ ਬੇਮੌਸਮੀ ਬਾਰਿਸ਼ ਤੋਂ ਬਾਅਦ ਹਵਾ ਦੇ ਚਲਣ ਨਾਲ ਫ਼ਸਲਾਂ ਤੇ ਦੋਹਰੀ ਮਾਰ ਪਈ ਹੈ।ਪਿੰਡ ਬੂਥਗੜ੍ਹ ਵਿਖੇ ਮੀਂਹ ਨੂੰ ਲੈ ਕੇ ਪਰੇਸ਼ਾਨੀ ਚ ਘਿਰੇ ਕਿਸਾਨਾਂ ਨੇ ਮੌਕੇ ਤੇ ਪਹੁੰਚੀ ਟੀਮ ਨੂੰ ਦੱਸਿਆ ਕਿ ਬੀਤੇ ਦਿਨਾਂ ਚ ਮੀਂਹ ਕਾਰਣ ਉਨ੍ਹਾਂ ਦੀ ਫ਼ਸਲ ਝੋਨਾ,ਮੱਕੀ, ਕਮਾਦ ਆਦਿ ਫ਼ਸਲਾਂ ਢਹਿ-ਢੇਰੀ ਹੋ ਗਈਆ ਹਨ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਡਿੱਗੀ ਹੋਈ ਫਸਲ ਦੀ ਕਟਾਈ ਕਰਨੀ ਮੁਸ਼ਕਿਲ ਹੋਵੇਗੀ ਉਥੇ ਝਾੜ ਵੀ ਘਟੇਗਾ ਅਤੇ ਫ਼ਸਲਾਂ ਚ ਨਮੀ ਦੀ ਸਮੱਸਿਆ ਵੀ ਵੱਧ ਸਕਦੀ ਹੈ। ਝੋਨੇ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਖੇਤੀ ਮਾਹਿਰਾਂ ਦੀ ਟੀਮ ਨੇ ਵੇਖਿਆ ਕਿ ਲਗਾਤਾਰ ਬਾਰਿਸ਼ ਹੋਣ ਅਤੇ ਬੱਦਲਵਾਈ ਵਾਲਾਂ ਮੌਸਮ ਹੋਣ ਕਾਰਨ ਝੋਨੇ ਦੀ ਫ਼ਸਲ ਤੇ ਝੂਠੀ ਕਾਂਗਿਆਰੀ(ਹਲਦੀ ਰੋਗ) ਦੀ ਸਮੱਸਿਆ ਵੀ ਦੇਖਣ ਨੂੰ ਮਿਲੀ। ਇਸ ਮੌਕੇ ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਝੂਠੀ ਕਾਂਗਿਆਰੀ ਬਿਮਾਰੀ ਦੀ ਪਹਿਚਾਣ ਕਰਨ ਬਾਰੇ ਅਤੇ ਇਸ ਦੀ ਰੋਕਥਾਮ ਕਰਨ ਸਬੰਧੀ ਜਾਣਕਾਰੀ ਦਿੱਤੀ।








