ਹਮਲੇ ਦੌਰਾਨ ਸ਼ਹੀਦ ਹੋਏ ਰਾਗੀ ਸਿੰਘ ਦੇ ਪਿੰਡ ਮੁੰਧੋਂ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ
ਕੁਰਾਲੀ, 14 ਜੂਨ ( ਰਣਜੀਤ ਸਿੰਘ ਕਾਕਾ) ਸ੍ਰੀ ਹਰਮੰਦਿਰ ਸਹਿਬ ਵਿਖੇ ਹਮਲੇ ਸਮੇਂ ਲਗਾਤਾਰ 72 ਘੰਟੇ ਕੀਰਤਨ ਕਰਨ ਤੋਂ ਬਾਅਦ ਸ਼ਹੀਦ ਹੋਏ ਰਾਗੀ ਭਾਈ ਅਮਰੀਕ ਸਿੰਘ ਦੇ ਜੱਦੀ ਪਿੰਡ ਮੁੰਧੋਂ ਸੰਗਤੀਆਂ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਉਨ੍ਹਾਂ ਦੀ ਯਾਦ ‘ਚ ਬਣੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਸ੍ਰੀ ਹਰਮੰਦਿਰ ਸਾਹਿਬ ਦੇ ਹਜ਼ੂਰੀ ਭਾਈ ਵਰਿੰਦਰ ਸਿੰਘ ਦੇ ਰਾਗੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਅਤੇ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਦੇ ਕਵੀਸ਼ਰੀ ਜੱਥੇ ਵੱਲੋਂ ਸ਼ਹੀਦੀ ਸਾਕਾ ਸ੍ਰਵਣ ਕਰਵਾਇਆ ਗਿਆ। ਇਸ ਉਪਰੰਤ ਅਕਾਲੀ ਦਲ ਵਾਰਿਸ ਪੰਜਾਬ ਦੇ ਮਨਪ੍ਰੀਤ ਸਿੰਘ ਇਆਲੀ ਸ਼ਹੀਦ ਰਾਗੀ ਸਿੰਘ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਜੂਨ 84 ਘੱਲੂਘਾਰਾ ਕਦੇ ਨਾ ਭੁੱਲਣ ਯੋਗ ਤੇ ਨਾ ਮੁਆਫ ਕਰਣਯੋਗ ਹੈ ਇਹ ਸਮੇਂ ਦੀ ਦਿੱਲੀ ਹਕੂਮਤ ਦਾ ਹਮਲਾ ਦਰਬਾਰ ਸਾਹਿਬ ਤੇ ਨਹੀਂ ਸਿੱਖਾਂ ਦੀ ਰੂਹ ਤੇ ਹਮਲਾ ਸੀ। ਇਸ ਮੌਕੇ ਉਨ੍ਹਾਂ ਪੰਜਾਬ ਦੇ ਬੁਨਿਆਦੀ ਮਸਲਿਆਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਉਦਿਆਂ ਕਿਹਾ ਕਿ ਪੰਜਾਬ ਦੇ ਬੁਨਿਆਦੀ ਹੱਕਾਂ ਲਈ ਸਿਧਾਂਤਕ ਖੇਤਰੀ ਪਾਰਟੀ ਦੀ ਲੋੜ ਹੈ। ਇਸ ਲਈ ਪੰਜਾਬ ਵਾਸੀਆਂ ਨੂੰ ਇੱਕਜੁੱਟ ਹੋ ਕੇ ਅਸਲੀ ਪੰਥਕ ਧਿਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਅਕਾਲੀ ਦਲ ਮਾਨ ਦੇ ਆਗੂ ਇਮਾਨ ਸਿੰਘ ਮਾਨ ਨੇ ਕਿਹਾ ਕਿ ਸਾਰੇ ਮਸਲਿਆਂ ਦਾ ਹੱਲ ਕੌਮ ਦੀ ਅਜ਼ਾਦੀ ਹੈ। ਇਸ ਲਈ ਇਸ ਪ੍ਰਾਪਤੀ ਨਾਲ ਹੀ ਪੰਜਾਬ ਤੇ ਸਿੱਖਾਂ ਦਾ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ। ਮੁੱਖ ਪ੍ਰਬੰਧਕ ਜਗਮੋਹਨ ਸਿੰਘ ਸਤਨਾਮ ਸਿੰਘ ਨੇ ਸ਼ਹੀਦ ਰਾਗੀ ਸਿੰਘ ਦੇ ਪਰਿਵਾਰ ਤੇ ਹੋਰ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਤੇ ਪੁੱਜੀਆਂ ਸਖ਼ਸ਼ੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਲੋਕ ਹਿੱਤ ਮਿਸ਼ਨ ਆਗੂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਹਰਜੀਤ ਸਿੰਘ ਹਰਮਨ, ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ, ਰੇਸ਼ਮ ਸਿੰਘ ਬਡਾਲੀ, ਯੂਥ ਆਗੂ ਹਰਜਿੰਦਰ ਸਿੰਘ ਮੁੰਧੋਂ, ਚਰਨਜੀਤ ਸਿੰਘ ਚੰਨੀ, ਨਿਹੰਗ ਆਗੂ ਬਾਬਾ ਸ਼ਿੰਗਾਰਾਂ ਸਿੰਘ, ਬੰਦੀ ਸਿੰਘ ਮੋਰਚਾ ਆਗੂ ਬਲਵਿੰਦਰ ਸਿੰਘ ਕਾਲਾ, ਕੁਲਵੰਤ ਸਿੰਘ ਸੰਗਤਪੁਰਾ, ਭਗਤ ਸਿੰਘ ਭਗਤਮਾਜਰਾ, ਗੁਰਸ਼ਰਨ ਸਿੰਘ ਨੱਗਲ ਤੇ ਜਸਵੀਰ ਸਿੰਘ ਸਲੇਮਪੁਰ ਆਦਿ ਆਗੂਆਂ ਨੇ ਸੰਬੋਧਨ ਕੀਤਾ।








