ਕੈਲਗਰੀ 20 ਦਸੰਬਰ(ਰਣਜੀਤ ਸਿੰਘ ਕਾਕਾ)50ਵਿਆਂ ਵਿੱਚ ਮਰਹੂਮ ਪੰਜਾਬੀ ਨਾਟਕਕਾਰ ਅਤੇ ਅਦੀਬ ਮੁਹਿੰਦਰ ਸਾਥੀ ਹੋਰਾਂ ਨੇ ਤਤਕਾਲੀ ਪੰਜਾਬੀ ਪੇਂਡੂ ਜੀਵਨ ਸ਼ੈਲੀ ਅਤੇ ਉਨ੍ਹਾਂ ਸਮਿਆਂ ਵਿੱਚ ਵਿਦਿਆ (ਪੜ੍ਹਾਈ) ਦੀ ਅਹਿਮੀਅਤ ਨੂੰ ਦਰਸਾਉਂਦਾ ਇੱਕ ਨਾਟਕ ਲਿਖਿਆ ਸੀ – ਚਾਨਣ ਚਿਰਾਗ਼, ਜੋ ਕਿ ਉਨ੍ਹਾਂ ਸਮਿਆਂ ਵਿੱਚ ਪੰਜਾਬ ਹੀ ਨਹੀਂ ਮੁਲਕ ਭਰ ਵਿੱਚ ਬਹੁਤ ਮਕਬੂਲ ਹੋਇਆ। ਇਸ ਨਾਟਕ ਦੀ ਖ਼ਾਸੀਅਤ ਹਾਸੇ-ਮਜ਼ਾਹ ਦੇ ਜ਼ਰੀਏ ਜਿੱਥੇ ਇੱਕ ਪਾਸੇ ਦਰਸ਼ਕਾਂ ਦਾ ਮੰਨੋਰੰਜਨ ਕਰਨਾ ਸੀ, ਉੱਥੇ ਹੀ ਵਿਅੰਗਾਤਮਕ ਸ਼ੈਲੀ ਦੇ ਜ਼ਰੀਏ ਲੋਕਾਂ ਨੂੰ ਗਿਆਨ ਦੇ ਚਾਨਣ ਯਾਨੀ ਸਿੱਖਿਆ (ਐਜੂਕੇਸ਼ਨ) ਲੈਣ ਬਾਰੇ ਵੀ ਜਾਗਰੂਕ ਕਰਨਾ ਸੀ। ਇਸ ਨਾਟਕ ਨੂੰ 1950 ਤੋਂ ਲੈ ਕੇ 1990 ਤਕ ਸਾਂਝੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਤੋਂ ਇਲਾਵਾ ਦਿੱਲੀ, ਚੰਡੀਗੜ੍ਹ, ਮੁੰਬਈ, ਲਖਨਊ ਅਤੇ ਕੋਲਕੱਤੇ ਵੀ ਸਫ਼ਲਤਾ ਪੂਰਬਕ ਖੇਡਿਆ ਜਾਂਦਾ ਰਿਹਾ।
ਅਜੋਕੇ ਦੌਰ ਵਿੱਚ ਇਸ ਨਾਟਕ ਦਾ ਪੂਰਬੀ ਅਮਰੀਕਾ ਮਹਾਂਦੀਪ (ਕਨੇਡਾ) ਵਿੱਚ ਖੇਡਿਆ ਜਾਣਾ ਵਾਕਿਆ ਹੀ ਇੱਕ ਇਤਿਹਾਸਕ ਪਹਿਲਕ਼ਦਮੀ ਹੈ ਜਿਸਦੇ ਲਈ ਇਸ ਦੀ ਪੇਸ਼ਕਾਰੀ ਵਾਸਤੇ ਇਸ ਨਾਟਕ ਦੇ ਨਿਰਦੇਸ਼ਕ ਰਾਜੇਸ਼ ਗੰਗਾਹਾਰ ਖ਼ਾਸ ਮੁਬਾਰਕਬਾਦ ਦੇ ਮੁਸਤਹਿਕ਼ ਹਨ। ਪਹਿਲੀ ਗੱਲ ਵਿਦੇਸ਼ੀ ਧਰਤੀ ‘ਤੇ ਮਾਂ-ਬੋਲੀ ਪੰਜਾਬੀ ਵਿੱਚ ਨਾਟਕ ਖੇਡਣ ਦਾ ਫ਼ੈਸਲਾ ਲੈਣਾ ਹੀ ਬੜੀ ਜੁਅੱਰਤ ਵਾਲ਼ਾ ਕੰਮ ਹੈ। ਫਿਰ ਬੀਤ ਗਏ ਸਮੇਂ ਦੀ ਗੱਲ ਕਰਦੇ ਨਾਟਕ ਦੀ ਚੋਣ ਕਰਨੀ ਨਿਰਦੇਸ਼ਕ ਲਈ ਹੋਰ ਵੀ ਜੋਖ਼ਮ ਵਾਲ਼ੀ ਗੱਲ ਸੀ। ਪਰ ਰਾਜੇਸ਼ ਗੰਗਾਹਾਰ ਦੇ ਹੌਂਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਉਹਨੇ ਨਾਟਕ ਦੇ ਵੱਖ-ਵੱਖ ਕਿਰਦਾਰਾਂ ਵਾਸਤੇ ਮੁਖ਼ਤਲਿਫ਼ ਕਲਾਕਾਰਾਂ ਦੀ ਚੋਣ ਕੀਤੀ। ਇਹ ਸਾਰੇ ਅਦਾਕਾਰ ਸ਼ੌਂਕੀਆ ਕਲਾਕਾਰ ਸਨ। ਫਿਰ ਉਨ੍ਹਾਂ ਨੂੰ ਹਰੇਕ ਕਿਰਦਾਰ ਦੀਆਂ ਬਾਰੀਕੀਆਂ ਸਮਝਾ ਕੇ ਉਨ੍ਹਾਂ ਪਾਸੋਂ ਉਹੋ ਜਿਹੇ ਕਿਰਦਾਰਾਂ ਦੀ ਅਦਾਕਾਰੀ ਕਰਵਾਉਣੀ, ਵਿਦੇਸ਼ੀਂ ਵਿਚਰਦੇ ਇਨ੍ਹਾਂ ਕਲਾਕਾਰਾਂ ਪਾਸੋਂ ਆਪੋ-ਆਪਣੇ ਰੋਜ਼ਗਾਰ ਜਾਂ ਕਾਰੋਬਾਰ ਵਿੱਚੋਂ ਸਮਾਂ ਕੱਢ ਕੇ ਉਨ੍ਹਾਂ ਨੂੰ ਕਿਰਦਾਰ ਦੇ ਮੁਤਾਬਿਕ਼ ਲਬੋ-ਲਹਿਜ਼ਾ, ਉਚਾਰਣ, ਆਵਾਜ਼ਾਂ ਦੀਆਂ ਬਾਰੀਕੀਆਂ ਸਿਖਾਉਣੀਆਂ ਅਤੇ ਸਰੀਰਕ ਚਾਲ-ਢਾਲ ਦੇ ਵਖਰੇਵੇਂ ਕਾਇਮ ਰਖਵਾਉਣੇ ਰਾਜੇਸ਼ ਗੰਗਾਹਾਰ ਲਈ ਹਿਮਾਲੀਆ ਪਰਬਤ ਸਰ ਕਰਨ ਦੇ ਤੁੱਲ ਕਾਰਜ ਸੀ। ਇਸ ਤੋਂ ਬਾਅਦ ਕਿਰਦਾਰ ਮੂਜਬ ਵੇਸ-ਭੂਸ਼ਾ ਲਈ ਕੱਪੜੇ-ਲੱਤੇ ਅਤੇ ਮੰਚ ਸਮੱਗਰੀ ਦਾ ਬੰਦੋਬਸਤ ਕਰਨਾ ਅਤੇ ਮੰਚ ਸਜਾਵਟ (ਸੈੱਟ) ਲਈ ਸਾਮਾਨ ਇਕੱਠਾ ਕਰਨਾ ਵੀ ਮੁੱਖ ਤੌਰ ਤੇ ਹਿਦਾਇਤਕਾਰ (ਨਿਰਦੇਸ਼ਕ) ਦੀ ਹੀ ਜ਼ਿੰਮੇਵਾਰੀ ਬਣਦੀ ਹੈ। ਭਾਵੇਂ ਰੂਪ-ਸੱਜਾ (ਮੇਕ-ਅੱਪ) ਤੋਂ ਲੈ ਕੇ ਦੂਜੇ ਸਾਰੇ ਕੰਮਾਂ ਵਿੱਚ ਉਸ ਦੀ ਟੀਮ ਦੇ ਹੋਰਨਾਂ ਮੈਂਬਰਾਂ ਦਾ ਵੀ ਸਹਿਯੋਗ ਰਿਹਾ ਐਪਰ ਸਮੁੱਚੀ ਜ਼ਿੰਮੇਵਾਰੀ ਜਾਂ ਸਿਰ ਪੀੜ ਰਾਜੇਸ਼ ਗੰਗਾਹਾਰ ਦੇ ਹੀ ਹਿੱਸੇ ਆਈ। ਪਰ ਜਦੋਂ ਇਸ ਦੀ ਕਾਮਯਾਬ ਪੇਸ਼ਕਾਰੀ ਹੋਈ ਤਾਂ ਦੇਖ ਕੇ ਦਰਸ਼ਕ ਅੱਸ਼-ਅੱਸ਼ ਕਰ ਉੱਠੇ। ਜਦੋਂ ਨਾਜ਼ਰੀਨ (ਦਰਸ਼ਕਾਂ) ਨੇ ਨਾਟਕ ਦੇ ਸਮਾਪਨ ਉੱਤੇ ਦਾਦ ਦਿੰਦਿਆਂ ਤਾਲੀਆਂ ਨਾਲ਼ ਹਾਲ ਗੂੰਜਾਅ ਛੱਡਿਆ ਤਾਂ ਉਸ ਵੇਲ਼ੇ ਨਿਰਦੇਸ਼ਕ ਰਾਜੇਸ਼ ਗੰਗਾਹਾਰ ਦੇ ਚਿਹਰੇ ‘ਤੇ ਇਤਮਿਨਾਨ ਦੀ ਤਜੱਲੀ ਅਤੇ ਅੱਖਾਂ ਵਿੱਚ ਏਤਮਾਦ (ਕਾਨਫ਼ੀਡੈਂਸ) ਦੀ ਚਮਕ ਵੇਖਣ ਵਾਲ਼ੀ ਬਣਦੀ ਸੀ। ਕਨੇਡਾ ਦੀ ਧਰਤੀ ‘ਤੇ ਮਕਾਮੀ ਕਲਾਕਾਰਾਂ ਵੱਲੋਂ ਸਫ਼ਲਤਾ ਨਾਲ਼ ਪੇਸ਼ ਕੀਤੇ ਗਏ ਇਸ ਨਾਟਕ ਲਈ ਜਿੱਥੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਉੱਥੇ ਹੀ ਇਸ ਦਾ ਕਮਾਂਡਰ-ਇਨ-ਚੀਫ਼ (ਕੈਪਟਨ ਆਫ਼ ਦਾ ਸ਼ਿੱਪ) ਨਿਰਦੇਸ਼ਕ ਰਾਜੇਸ਼ ਗੰਗਾਹਾਰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਾ ਹੱਕਦਾਰ ਹੈ।

……….. ਰਮੇਸ਼ ਭਾਰਦਵਾਜ।

LEAVE A REPLY

Please enter your comment!
Please enter your name here