ਮੁੱਲਾਂਪੁਰ ਗਰੀਬਦਾਸ, 14 ਅਕਤੂਬਰ ਰਣਜੀਤ ਸਿੰਘ ਕਾਕਾ()-
ਪੰਜਾਬ ਦੀਆਂ ਨਿਆਇਕ ਸੇਵਾਵਾਂ ਦੇ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੀਆਂ ਧੀਆਂ ਵਿੱਚ ਹਲਕਾ ਖਰੜ ਦੇ ਪਿੰਡ ਕੈਲੋਂ ਜ਼ਿਲ੍ਹਾ ਮੋਹਾਲੀ ਦੀ ਹੋਣਹਾਰ ਧੀ ਪਰਮਿੰਦਰ ਕੌਰ ਨੂੰ ਚਾਰੋਂ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ।ਇਸ ਬੇਟੀ ਦੇ ਪੀ ਸੀ ਐੱਸ ਜੁਡੀਸ਼ਲ ਦੇ ਨਤੀਜਿਆਂ ਤੋਂ ਬਾਅਦ ਜੱਜ ਬਣਨ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲੋਕਾਂ ਵੱਲੋਂ ਵਧਾਈਆਂ ਤੇ ਅਸੀਸਾਂ ਦਿੱਤੀਆਂ ਜਾ ਰਹੀਆਂ ਹਨ। ਵੱਡੇ ਵੱਡੇ ਦਿੱਗਜ਼ ਲੀਡਰਾਂ ਵੱਲੋਂ ਉਸ ਦੇ ਗ੍ਰਹਿ ਪਿੰਡ ਕੈਲੋਂ ਪਹੁੰਚ ਕੇ ਉਸ ਦਾ ਸਨਮਾਨ ਕੀਤਾ ਜਾ ਰਿਹਾ ਹੈ। ਓਥੇ ਹੀ ਬਲਾਕ ਮਾਜਰੀ ਦੇ ਸਮਾਜ ਸੇਵੀ ਗਰੁੱਪ ਬੈਨੀਪਾਲ ਗਰੁੱਪ ਦੇ ਸਰਪ੍ਰਸਤ ਦਲਵਿੰਦਰ ਸਿੰਘ ਬੈਨੀਪਾਲ ਆਪਣੇ ਸਾਥੀਆਂ ਸਮੇਤ ਪਰਮਿੰਦਰ ਕੌਰ ਨੂੰ ਵਧਾਈਆਂ ਦੇਣ ਲਈ ਪਿੰਡ ਕੈਲੋਂ ਜ਼ਿਲ੍ਹਾ ਮੋਹਾਲੀ ਪਹੁੰਚੇ । ਉਨ੍ਹਾਂ ਬੇਟੀ ਪਰਮਿੰਦਰ ਕੌਰ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਉਪਲੱਬਧੀ ਤੇ ਵਧਾਈਆਂ ਦਿੱਤੀਆਂ ਅਤੇ ਬੇਟੀ ਪਰਮਿੰਦਰ ਕੌਰ ਦਾ ਸਿਰਪਾਓ ਦੇ ਕੇ ਸਨਮਾਨ ਵੀ ਕੀਤਾ ਤੇ ਮੂੰਹ ਮਿੱਠਾ ਕਰਵਾਇਆ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪਰਮਿੰਦਰ ਕੌਰ ਨੂੰ ਸ਼ਗਨ ਵਜੋਂ ਕੁਝ ਮਾਲੀ ਮਦਦ ਵੀ ਦਿੱਤੀ ਗਈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਧੀ ਨੇ ਜਿੱਥੇ ਪੂਰੀ ਦੁਨੀਆ ਵਿਚ ਪਿੰਡ ਕੈਲੋਂ ਦਾ ਨਾਮ ਰੌਸ਼ਨ ਕੀਤਾ ਹੈ, ਓਥੇ ਹੀ ਮਜ੍ਹਬੀ ਸਿੱਖ ਭਾਈਚਾਰੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੋਏ ਇਸ ਹੋਣਹਾਰ ਬੇਟੀ ਨੇ ਏਨਾ ਵੱਡਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਇਸ ਧੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇਹ ਆਪਣੀ ਮਾਤਾ ਜੀ ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਹੋਏ ਅਤੇ ਖੇਤਾਂ ਵਿੱਚੋਂ ਕੱਖ (ਚਾਰਾ) ਲੈਣ ਜਾਂਦੀ -ਆਉਦੀ ਹੋਈ ਪੜ੍ਹਾਈ ਕਰਕੇ ਇਸ ਮੁਕਾਮ ਤੱਕ ਪਹੁੰਚਣ ਵਿੱਚ ਸਫਲ ਹੋਈ ਹੈ। ਆਪਣੇ ਆਪ ਮਿਹਨਤ ਮਜ਼ਦੂਰੀ ਕਰਕੇ ਇਸ ਧੀ ਨੇ ਆਪਣੀ ਪੜ੍ਹਾਈ ਕੀਤੀ ਤੇ ਅੱਜ ਉਹ ਲੋਕ ਵੀ ਇਸ ਦੀਆਂ ਸਿਫਤਾਂ ਕਰਦੇ ਹਨ ਜੋ ਕਦੇ ਇਸ ਨੂੰ ਅਤੇ ਇਸ ਦੀ ਪੜ੍ਹਾਈ ਦਾ ਮਜ਼ਾਕ ਉਡਾਉਂਦੇ ਰਹੇ ਹਨ। ਅੱਜ ਇਸ ਧੀ ਦੀ ਇਸ ਪ੍ਰਾਪਤੀ ਤੇ ਸਭ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਸ ਧੀ ਨੇ ਲੋਕਾਂ ਲਈ ਵੀ ਮਿਸਾਲ ਪੈਦਾ ਕੀਤੀ ਹੈ ਜੋ ਆਪਣੀਆਂ ਧੀਆਂ ਨੂੰ ਬੋਝ ਸਮਝਦੇ ਹਨ ਜਾਂ ਉਨ੍ਹਾਂ ਨੂੰ ਪੜ੍ਹਨ ਤੋਂ ਰੋਕਦੇ ਹਨ। ਇਸ ਵਾਰ ਪੰਜਾਬ ਦੇ ਨਿਆਇਕ ਸੇਵਾਵਾਂ ਦੇ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੀਆਂ ਧੀਆਂ ਵਿੱਚ ਇਹੋ ਜਿਹੇ ਪਰਿਵਾਰਾਂ ਦੀਆਂ ਲੜਕੀਆਂ ਵੀ ਹਨ ਜਿਨ੍ਹਾਂ ਦੀ ਮਾਲੀ ਹਾਲਤ ਤਰਸਯੋਗ ਸੀ ,ਪਰ ਉਹ ਮਿਹਨਤ ਅਤੇ ਲਗਨ ਨਾਲ ਇਸ ਮੁਕਾਮ ਤੱਕ ਪਹੁੰਚਣ ਵਿੱਚ ਸਫਲ ਹੋਈਆਂ ਹਨ।ਉਨ੍ਹਾਂ ਹੋਰ ਲੜਕੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਧੀ ਤੋਂ ਸੇਧ ਲੈਕੇ , ਪੂਰੀ ਲਗਨ ਨਾਲ ਪੜ੍ਹਾਈ ਕਰਨ ਅਤੇ ਜ਼ਿੰਦਗੀ ਵਿਚ ਅੱਗੇ ਵਧ ਕੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਤਾਂ ਜ਼ੋ ਧੀਆਂ ਨੂੰ ਬੋਝ ਸਮਝਣ ਵਾਲੇ ਲੋਕਾਂ ਨੂੰ ਕੁਝ ਸਮਝ ਆਵੇ। ਇਸ ਮੌਕੇ ਉਨ੍ਹਾਂ ਨਾਲ ਸਮਾਜ ਸੇਵੀ ਕੁਲਵੰਤ ਸਿੰਘ ਖੋਖਰ,ਲਖਵੀਰ ਸਿੰਘ ਜੰਟੀ, ਜੇ ਆਰ ਸ੍ਰੀ ਪੁਨੀਤ,ਮੇਵਾ ਸਿੰਘ ਖਿਜ਼ਰਾਬਾਦ ਵੱਲੋਂ ਵੀ ਪਰਮਿੰਦਰ ਕੌਰ ਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ।

LEAVE A REPLY

Please enter your comment!
Please enter your name here