ਚੰਡੀਗੜ੍ਹ: ਸਿੱਖ ਸ਼ਰਧਾਲੂਆਂ ਦੀ ਚਿਰਾਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਣ ਦਾ ਸਮਾਂ ਆ ਗਿਆ ਹੈ। ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਤਾਰੀਖ਼ ਜਾਰੀ ਕਰ ਦਿੱਤੀ ਗਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਇਸ ਦਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਦੱਸਿਆ ਕਿ 8 ਨਵੰਬਰ ਨੂੰ ਭਾਰਤ ਵਾਲੇ ਪਾਸਿਓਂ ਲਾਂਘਾ ਖੋਲ੍ਹਿਆ ਜਾਏਗਾ।
ਹਰਸਿਮਰਤ ਮੁਤਾਬਕ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ੁਦ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਜਾਣ ਵਾਲੇ ਲਾਂਘੇ ਦਾ ਉਦਘਾਟਨ ਕਰਨਗੇ ਤੇ ਇਸ ਤੋਂ ਬਾਅਦ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣਗੇ। ਹਰਸਿਮਰਤ ਨੇ ਇਹ ਵੀ ਸਪਸ਼ਟ ਕੀਤਾ ਕਿ 11 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ SGPC ਦੀ ਸਟੇਜ ‘ਤੇ ਹੀ ਪੁੱਜਣਗੇ ਤੇ ਇਸ ਦੇ ਨਾਲ 12 ਨਵੰਬਰ ਨੂੰ ਮੁੱਖ ਸਮਾਗਮ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ SGPC ਦੀ ਸਟੇਜ ਦੀ ਹੀ ਸ਼ਾਨ ਵਧਾਉਣਗੇ। ਹਾਾਲਂਕਿ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਹੀ ਵੱਖ ਸਟੇਜ ਲਾਈ ਜਾਏਗੀ ਤੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਸਰਕਾਰ ਵੱਲੋਂ ਵੀ ਦਿੱਤਾ ਗਿਆ ਸੀ।








