21ਅਗਸਤ ਦਿਨ ਬੁੱਧਵਾਰ ਭੋਗ ਤੇ ਅੰਤਿਮ ਅਰਦਾਸ ਪਿੰਡ ਖੈਰਪੁਰ
ਕੁਰਾਲੀ 19 ਅਗਸਤ (ਰਣਜੀਤ ਸਿੰਘ ਕਾਕਾ)ਮਾਤਾ ਕਾਕੋ ਕੌਰ ਨੇਕ ਦਿਲ ਤੇ ਲੋੜਵੰਦਾਂ ਦੀ ਮਦਦ ਕਰਨ ਵਾਲੀ ਅਜਿਹੀ ਸ਼ਖ਼ਸੀਅਤ ਸਨ, ਜਿਨਾਂ ਨੇ 1947 ਦਾ ਕਤਲੇਆਮ ਤੇ ਬਟਵਾਰਾ, ਆਪ੍ਰੇਸ਼ਨ ਬਲਿਊ ਸਟਾਰ, ਅੱਤਵਾਦ ਦਾ ਕਾਲਾ ਦੌਰ, ਕਰੋਨਾ ਮਹਾਂਮਾਰੀ ਨੂੰ ਆਪਣੇਂ ਅੱਖੀਂ ਵੇਖਿਆ। ਸਵ. ਕਾਕੋ ਕੌਰ ਦਾ ਜਨਮ ਸੰਨ 1931 ਨੂੰ ਕਸਬਾ ਮੁੱਲਾਂਪੁਰ ਗਰੀਬਦਾਸ (ਹੁਣ ਨਿਊ ਚੰਡੀਗੜ੍ਹ) ਵਿਖੇ ਪਿਤਾ ਸਦਾ ਰਾਮ ਤੇ ਮਾਤਾ ਈਸ਼ਰ ਕੌਰ ਦੇ ਘਰ ਹੋਇਆ। ਮਾਤਾ ਉਨੀਂ ਚਾਰ ਭੈਣਾਂ ਦਾ ਇਕੋ ਇੱਕ ਭਰਾ ਹਜੂਰਾ ਸਿੰਘ ਪੂਨੀਆ ਆਪਣੇ ਸਮੇਂ ਦਾ ਇਲਾਕੇ ਵਿੱਚ ਸਿਰਕੱਢ ਅਕਾਲੀ ਆਗੂ ਸੀ। ਭਰਾ ਹਜੂਰਾ ਸਿੰਘ ਦੇ ਪੰਧ ਤੇ ਚੱਲਦਿਆ ਮਾਤਾ ਕਾਕੋ ਕੌਰ ਗੁਰਬਾਣੀ ਦੇ ਆਸ਼ੇ ਅਨੁਸਾਰ ਸਮਾਜ ਸੇਵਾ ਦੇ ਖੇਤਰ ਨਾਲ ਜੁੜੇ ਰਹੇ।
ਸੰਨ 1947 ‘ਚ ਮਾਤਾ ਜੀ ਦਾ ਵਿਆਹ ਖੈਰਪੁਰ ਵਿਖੇ ਸ੍ਰੀ ਕਰਨੈਲ ਸਿੰਘ ਜੋ ਧਾਰਮਿਕ ਪ੍ਰਵਿਤੀ ਦੇ ਮਾਲਕ ਹਨ, ਨਾਲ ਹੋਇਆ। ਇਹ ਮਾਤਾ ਜੀ ਦੀ ਵਿਚਾਰਧਾਰਾ ਦਾ ਹੀ ਅਸਰ ਕਹਿ ਲਵੋ ਕਿ ਜੂਨ 84 ਦੌਰਾਨ ਹਰਿਮੰਦਰ ਸਾਹਿਬ ਦੀ ਰਾਖੀ ਲਈ ਸ਼ਹੀਦ ਹੋਏ। 9 ਸਿੱਖ ਰੈਜੀਮੈਂਟ ਦੇ ਧਰਮੀ ਫੌਜੀ ਮਲਾਗਰ ਸਿੰਘ ਧਰਮ ਲਈ ਸ਼ਹੀਦ ਹੋ ਗਿਆ, ਮਾਤਾ ਜੀ ਨੇ ਉਹ ਮਨਹੂਸ ਘੜੀ ਵੀ ਵੇਖੀ ਜਦੋਂ ਉਨ੍ਹਾਂ ਦਾ 17 ਸਾਲ ਦੀ ਉਮਰ ਵਿੱਚ ਪੁੱਤਰ ਪਰਧੀਰ ਸਿੰਘ ਪੱਪਾ ਅਤਿਵਾਦ ਦੀ ਭੇਟ ਚੜ੍ਹਿਆ। ਮਾਤਾ ਜੀ ਦੇ ਪੰਧ ‘ਤੇ ਚਲਦਿਆਂ ਵੱਡਾ ਪੁੱਤਰ ਮੇਜਰ ਸਿੰਘ ਫੌਜੀ ਦੇਸ਼ ਦੀ ਸਰਹੱਦ ਤੇ ਸੇਵਾਵਾਂ ਨਿਭਾਉਂਦੇ ਹੋਏ ਫੌਜ ਚੋਂ ਸੇਵਾਮੁਕਤ ਹੋਏ। ਸਭ ਤੋਂ ਛੋਟਾ ਬੇਟਾ ਦਿਲਬਰ ਸਿੰਘ ਖੈਰਪੁਰ ਪੱਤਰਕਾਰੀ ਖੇਤਰ ਦੇ ਨਾਲ ਲੇਖਕ ਜਗਤ ਵਿਚ ਇਕ ਜਾਣਿਆ ਪਛਾਣਿਆ ਨਾਮ ਹੈ। ਉਨ੍ਹਾਂ ਦਾ ਭਾਣਜਾ ਜਸਪਾਲ ਸਿੰਘ ਸਰਪੰਚ (ਜ਼ੀਰਕਪੁਰ) ਖੇਡ ਪ੍ਰਮੋਟਰ ਤੇ ਸਮਾਜਸੇਵਾ ਵਿਚ ਵੱਡਾ ਨਾਮ ਹੈ। ਜ਼ਿੰਦਗੀ ਭਰ ਅਨੇਕਾਂ ਦੁਖ ਆਏ ਪਰ ਮਾਤਾ ਕਾਕੋ ਕੌਰ ਨੇ ਭਾਣਾ ਮੰਨ ਕੇ ਗੁਰਬਾਣੀ ਦਾ ਓਟ ਆਸਰਾ ਲਿਆ ਤੇ ਸਾਰੀ ਉਮਰ ਨਿਮਰਤਾ ਤੇ ਸਾਦਗੀ ਦਾ ਪੱਲਾ ਫੜ ਕੇ ਤੰਦਰੁਸਤ ਜੀਵਨ ਬਤੀਤ ਕੀਤਾ। ਲੰਘੀ 9 ਅਗਸਤ ਨੂੰ ਤੜਕੇ 4 ਵਜੇ ਸੁਆਸਾਂ ਦੀ ਪੂੰਜੀ ਪੂਰੀ ਕਰਕੇ 94 ਸਾਲਾਂ ਦੀ ਉਮਰ ਵਿੱਚ ਇਸ ਰੰਗਲੀ ਦੁਨੀਆਂ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 21 ਅਗਸਤ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਖੈਰਪੁਰ ਨੇੜੇ ਮਾਜਰੀ ਬਲਾਕ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗਾ। ਸ਼ਰਧਾਂਜਲੀ ਸਮਾਗਮ ਮੌਕੇ ਇਲਾਕੇ ਭਰ ਤੋਂ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਮਾਤਾ ਕਾਕੋ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।

LEAVE A REPLY

Please enter your comment!
Please enter your name here