ਨਿਊ ਚੰਡੀਗੜ੍ਹ 7 ਦਸੰਬਰ ( ਰਣਜੀਤ ਸਿੰਘ)ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (HBCH&RC), ਪੰਜਾਬ ਨੇ ਇਕ ਹੋਰ ਪਹਿਲਕਦਮੀ ਕਰਦਿਆਂ ਕੈਂਸਰ ਦੇ ਇਲਾਜ ਨੂੰ ਕੈਸ਼ਲੈੱਸ ਕਰਨ ਤਹਿਤ ਕਰਮਚਾਰੀ ਰਾਜ ਬੀਮਾ ਨਿਗਮ (ESIC), ਹਿਮਾਚਲ ਪ੍ਰਦੇਸ਼ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ’ਤੇ ਹਸਤਾਖਰ ਕੀਤੇ ਹਨ। ਇਸ ਐਮਓਯੂ ਤਹਿਤ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਵਿਚ ESIC ਕਾਰਡਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਕਦੀ ਰਹਿਤ ਡਾਕਟਰੀ ਇਲਾਜ ਮੁਹੱਈਆ ਕਰਵਾਏਗਾ।
ਇਸ ਮੌਕੇ ਹੋਮੀ ਭਾਬਾ ਹਸਪਤਾਲ ਪੰਜਾਬ ਦੇ ਡਾਇਰੈਕਟਰ ਡਾ. ਅਸ਼ੀਸ਼ ਗੁਲੀਆ ਅਤੇ ਈਐਸਆਈਸੀ ਹਿਮਾਚਲ ਪ੍ਰਦੇਸ਼ ਦੇ ਡਿਪਟੀ ਡਾਇਰੈਕਟਰ ਸੰਜੀਵ ਕੁਮਾਰ, ਈਐਸਆਈਸੀ ਹਿਮਾਚਲ ਪ੍ਰਦੇਸ਼ ਦੇ ਸਟੇਟ ਮੈਡੀਕਲ ਅਫ਼ਸਰ ਡਾ. ਪੁਨੀਤ ਬਨੋਤਰਾ ਅਤੇ ਡਾ. ਅਮਨਦੀਪ ਹਸਤੀਰ, ਸਟੇਟ ਵਿਜੀਲੈਂਸ ਅਫਸਰ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਡਾ.ਅਸ਼ੀਸ਼ ਗੁਲੀਆ ਨੇ ਇਸ ਸਬੰਧਤ ਜਾਣਕਾਰੀ ਦਿੰਦਿਆਂ ਕਿਹਾ ਕਿ ਈਐੱਸਆਈਸੀ ਹਿਮਾਚਲ ਪ੍ਰਦੇਸ਼ ਨਾਲ ਇਸ ਸਹਿਯੋਗੀ ਕਦਮ ਉਪਰੰਤ ਕੈਂਸਰ ਦੇ ਮਰੀਜ਼ਾਂ ਦੀ ਦੇਖਭਾਲ ਨੂੰ ਪਹੁੰਚਯੋਗ ਅਤੇ ਖਰਚ ਰਹਿਤ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਹਿਮਾਚਲ ਦੇ ਉਦਯੋਗਿਕ ਕਰਮਚਾਰੀਆਂ ਨੂੰ ਵੱਡਾ ਲਾਭ ਮਿਲੇਗਾ।
ਐਚ.ਬੀ.ਸੀ.ਐਚ ਅਤੇ ਆਰ.ਸੀ, ਨਿਊ ਚੰਡੀਗੜ੍ਹ, ਐਸ.ਏ.ਐਸ. ਨਗਰ, ਪੰਜਾਬ ਵਿੱਚ ਸਥਿਤ, ਟਾਟਾ ਮੈਮੋਰੀਅਲ ਸੈਂਟਰ ਦਾ ਹਿੱਸਾ ਹੈ, ਜੋ ਕੈਂਸਰ ਦੇਖਭਾਲ ਵਿੱਚ ਆਪਣੀ ਉੱਤਮਤਾ ਲਈ ਜਾਣਿਆ ਜਾਂਦਾ ਹੈ। ਟਾਟਾ ਮੈਮੋਰੀਅਲ ਸੈਂਟਰ ਨੇ ਪੂਰੇ ਭਾਰਤ ਵਿੱਚ ਵੱਡੇ ਪੱਧਰ ‘ਤੇ ਮਿਆਰੀ ਕੈਂਸਰ ਇਲਾਜ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਲੱਗਭੱਗ 400,000 ਈਐੱਸਆਈਸੀ ਕਾਰਡ ਧਾਰਕਾਂ ਹਨ। ਇਸ ਐੱਮਓਯੂ ਨਾਲ ਸਮੂਹ ਕਾਰਡਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕਵਰ ਕੀਤਾ ਜਾ ਸਕੇਗਾ। ਇਹ ਪਹਿਲਕਦਮੀ ਯੋਗ ਮਰੀਜ਼ਾਂ ਨੂੰ ਨਕਦੀ ਰਹਿਤ ਇਲਾਜ ਦੀ ਪੇਸ਼ਕਸ਼ ਕਰਕੇ ਕੈਂਸਰ ਦੇਖਭਾਲ ਦੇ ਵਿੱਤੀ ਬੋਝ ਨੂੰ ਘੱਟ ਕਰਨ ਲਈ ਤਿਆਰ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਪਹਿਲਾਂ ਹੀ ਈਐੱਸਆਈਸੀ ਪੰਜਾਬ ਅਤੇ ਚੰਡੀਗੜ੍ਹ ਨਾਲ ਸੂਚੀਬੱਧ ਹੈ ਅਤੇ ਇਸ ਦੇ ਅਧੀਨ ਲੱਗਭੱਗ 1,000 ਲਾਭਪਾਤਰੀਆਂ ਨੇ ਕੈਂਸਰ ਦੇਖਭਾਲ ਲਈ ਪਹੁੰਚ ਕੀਤੀ ਹੈ।

LEAVE A REPLY

Please enter your comment!
Please enter your name here