ਮੀਟਿੰਗ ਵਿੱਚ ਮੋਹਤਬਰਾਂ ਨੇ ਚਿੰਤਾ ਪ੍ਰਗਟਾਈ
ਮਾਜਰੀ, 25 ਫਰਵਰੀ (ਰਣਜੀਤ ਸਿੰਘ ਕਾਕਾ) – ਸਾਬਕਾ ਮੰਤਰੀ
ਜਗਮੋਹਨ ਸਿੰਘ ਕੰਗ ਨੇ ਇਲਾਕੇ ਦੇ ਮੋਹਤਬਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ, ਜਿਸ ਵਿੱਚ ਇਲਾਕੇ ਦੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲਿਆ ਗਿਆ। ਪਿੰਡਾਂ ਦੇ ਆਗੂਆਂ ਨੇ ਕਿਹਾ ਕਿ ਕੰਗ ਸਾਹਿਬ, ਜੋ ਗ੍ਰਾਂਟਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਸਾਨੂੰ ਸੂਬਾ ਸਰਕਾਰ ਤੋਂ ਅੱਜ ਤੱਕ ਕੋਈ ਵੀ ਗ੍ਰਾਂਟ ਨਹੀ ਮਿਲੀ। ਇਸ ਤੋਂ ਇਲਾਵਾ ਮਾਜਰੀ ਬਲਾਕ, ਜਿੱਥੇ ਕਿ ਨੀਮ ਪਹਾੜੀ ਇਲਾਕਾ ਹੈ, ਉਸ ਦੀਆਂ ਸੜਕਾਂ ਦਾ ਵੀ ਬਹੁਤ ਬੁਰਾ ਹਾਲ ਹੈ। ਲੋਕਾਂ ਨੂੰ ਆਉਣ ਜਾਣ ਪਖੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਤੌਰ ‘ਤੇ ਬੰਨ੍ਹਮਾਜਰਾ-ਚਟੌਲੀ-ਖਿਜ਼ਰਾਬਾਦ, ਸੜਕ ਜੋ ਕਿ ਸਾਰੇ ਇਲਾਕੇ ਨੂੰ ਜੋੜਦੀ ਹੈ, ਜਿਸਦੀ ਹਾਲਤ ਵੀ ਬੱਦ ਤੋਂ ਬੱਦਤਰ ਹੋ ਗਈ ਹੈ। ਇਲਾਕੇ ਵਿੱਚ ਦਿਨ-ਰਾਤ ਮਿਲੀਭੁਗਤ ਨਾਲ ਨਜ਼ਾਇਜ਼ ਮਾਇੰਨਿੰਗ ਹੋ ਰਹੀ ਹੈ। ਇਲਾਕੇ ਦੇ ਵਖ ਵਖ ਪਿੰਡਾਂ ਵਿੱਚ ਪਰਚੂਨ ਦੀਆਂ ਦੁਕਾਨਾਂ ਵਾਂਗ ਸ਼ਰਾਬ ਦੇ ਠੇਕਿਆਂ ਦੀ ਵੀ ਭਰਮਾਰ ਹੋਈ ਪਈ ਹੈ, ਜਿਵੇਂ ਕਿ ਬਲਾਕ ਮਾਜਰੀ, ਕੁਰਾਲੀ, ਬੂਥਗੜ੍ਹ ਆਦਿ ਵਿੱਚ ਵੀ ਸ਼ਰਾਬ ਦੇ ਠੇਕੇ, ਮੇਨ ਰੋਡ, ਗੁਰਦੁਆਰਿਆਂ/ਮੰਦਰਾਂ ਅਤੇ ਧਾਰਮਿਕ ਸਥਾਨਾਂ ਦੇ ਨੇੜੇ ਖੁਲ੍ਹੇ ਹੋਏ ਹਨ। ਮੀਟਿੰਗ ਵਿੱਚ ਸਵਾਲ ਉਠਾਇਆ ਗਿਆ ਕਿ ਪ੍ਰਸ਼ਾਸ਼ਨ ਇਸ ‘ਤੇ ਬਣਦੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦਾ। ਮੀਟਿੰਗ ਵਿੱਚ ਇਹ ਵੀ ਗੱਲ ਖੁੱਲ ਕੇ ਸਾਹਮਣੇ ਆਈ, ਕਿ ਦਿਨ-ਪ੍ਰਤੀ ਦਿਨ ਬਿਨ੍ਹਾਂ ਕਿਸੇ ਰੋਕ-ਟੋਕ ਤੋਂ ਪਿੰਡਾਂ/ਸ਼ਹਿਰਾਂ ਵਿੱਚ ਚਿੱਟੇ ਨਸ਼ੇ ਦੀ ਭਰਮਾਰ ਵੱਧ ਰਹੀ ਹੈ। ਜਿਸ ਨਾਲ ਇਲਾਕੇ ਦੇ ਲੋਕ ਦੁੱਖੀ ਅਤੇ ਪ੍ਰੇਸ਼ਾਨ ਹਨ। ਇਸ ਨਾਲ ਨੌਜ਼ਵਾਨਾਂ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਮੀਟਿੰਗ ਵਿੱਚ ਹਾਜ਼ਰ ਪਤਵੰਤਿਆਂ ਨੇ ਚਿੰਤਾ ਪ੍ਰਗਟ ਕਰਦਿਆਂ ਖੁੱਲ ਕੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਭ੍ਰਿਸ਼ਟਾਚਾਰ ਦੇ ਰੇਟ ਵੀ ਡਬਲ ਹੋ ਗਏ ਹਨ। ਕੰਗ ਨੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਆਗਾਮੀ ਲੋਕ ਸਭਾ ਤੇ ਪੰਚਾਇਤਾਂ ਦੀਆਂ ਚੋਣਾਂ ਲਈ ਸਰਗਰਮ ਹੋਣ ਦੀ ਲੋੜ ਤੇ ਜੋਰ ਦਿੱਤਾ।
ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮੀਟਿੰਗ ਦੇ ਮੁਦਿਆਂ ਸਬੰਧੀ ਮੈਂ ਉਚ ਅਧਿਕਾਰੀਆਂ ਦੇ ਨੋਟਿਸ ਵਿਚ ਲਿਆ ਕੇ ਲੋਕ ਹਿੱਤ ਵਿੱਚ ਲੋੜੀਂਦੀ ਕਾਰਵਾਈ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।
ਕੈਪਸਨ ਮਾਜਰੀ ਬਲਾਕ ਵਿਖੇ ਮੋਹਤਬਰਾਂ ਦੀ ਮੀਟਿੰਗ ਉਪਰੰਤ ਜਾਣਕਾਰੀ ਸਾਂਝੀ ਕਰਦੇ ਹੋਏ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ।








