ਮਾਜਰੀ, 9 ਜਨਵਰੀ ( ਸ਼ਿਵੀ ਸ੍ਰੀ ਗਣੇਸ਼)- ਸਥਾਨਕ ਕਸਬੇ ਦੇ ਬਲਾਕ ਚੌਂਕ ਵਿਖੇ ਸਥਿਤ ਸਬ ਤਹਿਸੀਲ ਮਾਜਰੀ ਵਿਖੇ ਅੱਜ ਦੁਪਹਿਰ ਬੰਬ ਦੀ ਅਫਵਾਹ ਨੇ ਸਮੁੱਚੇ ਸਟਾਫ ਅਤੇ ਤਹਿਸੀਲ ਵਿਖੇ ਕੰਮ ਕਰਵਾਉਣ ਆਏ ਲੋਕਾਂ ਨੂੰ ਭਾਜੜ ਪਾ ਦਿੱਤੀ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੁਆਇੰਟ ਸਬ ਰਜਿਸਟਰਾਰ ਰਮਨਦੀਪ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਐਸਡੀਐਮ ਖਰੜ ਦੇ ਦਫਤਰ ਤੋਂ ਫੋਨ ਆਇਆ ਸੀ ਕਿ ਸਬ ਤਹਿਸੀਲ ਮਾਜਰੀ ਵਿਖੇ ਬੰਬ ਰੱਖੇ ਜਾਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਉਹਨਾਂ ਤੁਰੰਤ ਇਸ ਤੇ ਅਮਲ ਕਰਦਿਆਂ ਸਮੁੱਚੇ ਸਟਾਫ ਨੂੰ ਦਫਤਰ ਛੱਡਣ ਦੀ ਤਾਕੀਦ ਕੀਤੀ ਅਤੇ ਨਾਲ ਹੀ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ, ਮਗਨਰੇਗਾ ਦਫਤਰ ਅਤੇ ਤਹਿਸੀਲ ਕੰਪਲੈਕਸ ਵਿਖੇ ਕੰਮ ਕਰਨ ਵਾਲੇ ਅਸ਼ਟਾਮ ਫਰੋਸ਼, ਵਸੀਕਾ ਨਵੀਸ, ਐਡਵੋਕੇਟਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਕੈਬਨ ਛੱਡ ਕੇ ਖੁੱਲੀ ਜਗ੍ਹਾ ਚਲੇ ਜਾਣ। ਇਸ ਦੌਰਾਨ ਸਮੁੱਚੇ ਸਟਾਫ ਵੱਲੋਂ ਤੁਰੰਤ ਮੈਡਮ ਰਮਨਦੀਪ ਕੌਰ ਦੇ ਹੁਕਮ ਦੀ ਤਾਮੀਲ ਕਰਦਿਆਂ ਸਬ ਤਹਿਸੀਲ ਵਿਖੇ ਆਪੋ ਆਪਣੇ ਦਫਤਰਾਂ ਤੋਂ ਬਾਹਰ ਖੁੱਲੀ ਜਗ੍ਹਾ ਤੇ ਇਕੱਠੇ ਹੋ ਗਏ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਿੰਡਾਂ ਤੋਂ ਆਏ ਲੋਕ ਵੀ ਇਸ ਅਫਵਾਹ ਕਰਨ ਪਰੇਸ਼ਾਨ ਦੇਖੇ ਗਏ। ਇਸ ਦੌਰਾਨ ਲਗਭਗ ਦੋ ਢਾਈ ਘੰਟੇ ਤੇ ਵਕਫੇ ਮਗਰੋਂ ਮੁੜ ਤੋਂ ਕੰਮ ਸ਼ੁਰੂ ਹੋਇਆ ਤਾਂ ਜਾ ਕੇ ਲੋਕਾਂ ਨੇ ਸੁਖ ਦਾ ਸਾਹ ਲਿਆ।








