ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਗਿੰਨੀ ਦੁੱਗਲ ਨੇ ਕੀਤੀ ਇਨਾਮਾਂ ਦੀ ਵੰਡ
ਐੱਸ.ਏ.ਐੱਸ.ਨਗਰ,23 ਨਵੰਬਰ (ਰਣਜੀਤ ਸਿੰਘ ਕਾਕਾ )
ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ 67ਵੇਂ ਰਾਜ ਪੱਧਰੀ ਕ੍ਰਿਕਟ ਮੁਕਾਬਲੇ ਅੱਜ ਚੱਪੜਚਿੜੀ ਦੇ ਚੈਂਪੀਅਨਜ਼ ਕ੍ਰਿਕਟ ਅਕੈਡਮੀ ਦੇ ਮੈਦਾਨ ਵਿੱਚ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਏ। ਲੜਕੀਆਂ ਵਿੱਚ ਫਰੀਦਕੋਟ ਦੀ ਟੀਮ ਚੈਂਪੀਅਨ ਬਣੀ ਜਦਕਿ ਲੜਕਿਆਂ ਦਾ ਖ਼ਿਤਾਬ ਜਲੰਧਰ ਦੀ ਟੀਮ ਦੇ ਹਿੱਸੇ ਆਇਆ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ: ਗਿੰਨੀ ਦੁੱਗਲ ਦੀ ਅਗਵਾਈ,ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ 19 ਸਾਲ ਵਰਗ ਦੇ ਇਨ੍ਹਾਂ ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੇ ਫਾਈਨਲ ਮੈਚ ਅੱਜ ਖੇਡੇ ਗਏ। ਨਤੀਜਿਆਂ ਸਬੰਧੀ ਅਧਿਆਤਮ ਪ੍ਰਕਾਸ਼ ਤਿਊੜ ਅਤੇ ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਲੜਕੀਆਂ ਦਾ ਫਾਈਨਲ ਮੈਚ ਫਰੀਦਕੋਟ ਤੇ ਲੁਧਿਆਣਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਫਰੀਦਕੋਟ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 102 ਦੌੜਾਂ ਬਣਾਈਆਂ ਜਿਸਦੇ ਜਵਾਬ ਵਿੱਖ ਖੇਡਦਿਆਂ ਲੁਧਿਆਣਾ ਦੀ ਟੀਮ ਨਿਰਧਾਰਿਤ ਓਵਰਾਂ ਵਿੱਚ ਕੇਵਲ 78 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਲੁਧਿਆਣਾ ਦੀ ਟੀਮ 24 ਦੌੜਾਂ ਦੇ ਅੰਤਰ ਨਾਲ ਜੇਤੂ ਰਹੀ। ਮੁਕਤਸਰ ਦੀ ਟੀਮ ਨੇ ਬਠਿੰਡਾ ਨੂੰ ਹਰਾ ਕੇ ਲੜਕੀਆਂ ਦੇ ਵਰਗ ਦਾ ਤੀਜਾ ਸਥਾਨ ਆਪਣੇ ਨਾਂ ਕੀਤਾ।
ਲੜਕਿਆਂ ਦਾ ਫਾਈਨਲ ਮੈਚ ਜਲੰਧਰ ਦੇ ਅੰਮ੍ਰਿਤਸਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਕਿ ਇੱਕਪਾਸੜ ਹੋ ਨਿੱਬੜਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਜਲੰਧਰ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 155 ਦੌੜਾਂ ਬਣਾਈਆਂ ਜਿਸਦੇ ਜਵਾਬ ਵਿੱਚ ਖੇਡਦਿਆਂ ਅੰਮ੍ਰਿਤਸਰ ਦੀ ਟੀਮ 16 ਓਵਰਾਂ ਵਿੱਚ ਮਹਿਜ਼ 77 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਲੰਧਰ ਦੀ ਟੀਮ 78 ਦੌੜਾਂ ਦੇ ਵੱਡੇ ਅੰਤਰ ਨਾਲ ਚੈਂਪੀਅਨ ਬਣੀ ਜਦਕਿ ਅੰਮ੍ਰਿਤਸਰ ਨੂੰ ਦੂਜੇ ਸਥਾਨ ‘ਤੇ ਰਹਿ ਕੇ ਸਬਰ ਕਰਨਾ ਪਿਆ। ਜਲੰਧਰ ਦੀ ਟੀਮ ਵਲੋਂ ਵਧੀਆ ਬੱਲੇਬਾਜ਼ੀ ਕਰਦਿਆਂ ਮਨਵੀਰ ਨੇ 46 ਗੇਂਦਾਂ ਵਿੱਚ 70 ਅਤੇ ਅਭੇਦੀਪ ਸਿੰਘ ਨੇ 46 ਗੇਂਦਾਂ ਵਿੱਚ 52 ਦੌੜਾਂ ਦੀ ਪਾਰੀ ਖੇਡੀ ਜਦਕਿ ਪ੍ਰਵੀਨ ਨੇ ਚਾਰ ਵਿਕਟਾਂ ਨੇ ਕੇ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ। ਲੜਕਿਆਂ ਦੇ ਵਰਗ ਵਿੱਚ ਤੀਜਾ ਸਥਾਨ ਸੰਗਰੂਰ ਦੇ ਹਿੱਸੇ ਆਇਆ ਜਦਕਿ ਮੇਜ਼ਬਾਨ ਮੁਹਾਲੀ ਦੀ ਟੀਮ ਨੂੰ ਚੌਥਾ ਸਥਾਨ ਮਿਲਿਆ।
ਅੱਜ ਹੋਏ ਇਨਾਮ ਵੰਡ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ: ਗਿੰਨੀ ਦੁੱਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਅੰਗਰੇਜ਼ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਅਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਕੀਤੀ। ਡਾ: ਗਿੰਨੀ ਦੁੱਗਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਇਨਾਮਾਂ ਦੀ ਵੰਡ ਕੀਤੀ। ਅੰਤ ਵਿੱਚ ਇੰਦੂ ਬਾਲਾ ਅਤੇ ਕ੍ਰਿਸ਼ਨ ਮਹਿਤਾ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਮਸ਼ੇਰ ਸਿੰਘ,ਮਨਮੋਹਨ ਸਿੰਘ,ਮਨਪ੍ਰੀਤ ਸਿੰਘ ਗੋਸਲਾਂ,ਨਵਦੀਪ ਚੌਧਰੀ, ਗੁਰਵਿੰਦਰ ਸਿੰਘ,ਸੰਦੀਪ ਸਿੰਘ, ਪਲਵਿੰਦਰ ਕੌਰ,ਹਰ੍ਰਪੀਤ ਕੌਰ,ਸਰਬਜੀਤ ਕੌਰ, ਅਮਨਪ੍ਰੀਤ ਕੌਰ,ਨਰਿੰਦਰ ਕੌਰ,ਤਰਿੰਦਰ ਸੰਧੂ,ਨਿਰਮਲਜੀਤ ਕੌਰ,ਵੀਨਾ ਕੁਮਾਰੀ,ਕਿਰਨ,ਵੀਰਪਾਲ ਕੌਰ,ਸਤਵਿੰਦਰ ਕੌਰ,ਸ਼ਰਨਜੀਤ ਕੌਰ,ਰੁਪਿੰਦਰ ਕੌਰ, ਸ਼ਰਨਜੀਤ ਕੌਰ,ਰਾਜਵੀਰ ਕੌਰ ਅਤੇ ਹੋਰ ਵੀ ਹਾਜ਼ਰ ਸਨ








