ਮਾਜਰੀ 23 ਮਈ( ਮਾਰਸ਼ਲ ਨਿਊਜ਼)ਯੂਥ ਕਲੱਬ ਵੱਲੋਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਾਜਰਾ ਵਿਖੇ ਸਵ ਰਣਜੋਧ ਸਿੰਘ ਮਾਨ ਦੀ ਯਾਦ ਵਿੱਚ ਪੰਜਵਾਂ ਕ੍ਰਿਕਟ ਖੇਡ ਮੇਲਾ ਕਰਵਾਇਆ ਗਿਆ। ਇਨਾਮ ਵੰਡ ਸਮਾਰੋਹ ਦੌਰਾਨ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜੇਤੂ ਟੀਮਾਂ ਨੂੰ ਇਨਾਮ ਵੰਡਦੇ ਹੋਏ ਉਨ੍ਹਾਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਖੂਬ ਹੌਂਸਲਾ ਅਫਜ਼ਾਈ ਕੀਤੀ। ਆਪਣੇ ਸੰਬੋਧਨ ਵਿੱਚ ਬੈਨੀਪਾਲ ਨੇ ਆਖਿਆ ਕਿ ਚੜਦੀ ਉਮਰੇ ਵਿਛੋੜਾ ਦੇ ਗਏ ਰਣਜੋਧ ਸਿੰਘ ਮਾਨ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਤੇ ਕਲਾ ਦੇ ਖੇਤਰ ਵਿੱਚ ਅੱਗੇ ਲਿਆਉਣ ਲਈ ਹਮੇਸ਼ਾ ਸਰਗਰਮ ਰਿਹਾ, ਪਰ ਉਸਦੇ ਅਚਨਚੇਤ ਸਦੀਵੀ ਵਿਛੋੜੇ ਨਾਲ ਪਰਿਵਾਰ ਤੇ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਕਿਹਾ ਕਿ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਅਸੀਂ ਦਿਨ ਰਾਤ ਯਤਨਸ਼ੀਲ ਹਾਂ। ਸਮਾਗਮ ਦੇ ਅੰਤ ਵਿਚ ਕਲੱਬ ਦੇ ਪ੍ਰਧਾਨ ਨੇ ਖਿਡਾਰੀਆਂ ਤੇ ਦਰਸ਼ਕਾਂ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਲਖਵੀਰ ਸਿੰਘ ਜੰਟੀ, ਗੁਰਪ੍ਰੀਤ ਸਿੰਘ ਕਾਦੀਮਾਜਰਾ, ਰਾਜਵੀਰ ਸਿੰਘ ਸੋਹੀ, ਜਗਦੇਵ ਸਿੰਘ, ਸਰਬਜੀਤ ਸਿੰਘ ਅਤੇ ਹਰਿੰਦਰ ਸਿੰਘ ਹਾਜ਼ਰ ਸਨ।








