ਫੋਟੋ: ਮੁੰਧੋਂ ਸੰਗਤੀਆਂ ਸਕੂਲ ਨੂੰ ਸਮਾਰਟ ਐੱਲਈਡੀਜ਼ ਭੇਂਟ ਕਰਦੇ ਐਸੋਸੀਏਸ਼ਨ ਦੇ ਪ੍ਰਧਾਨ ਡਾ: ਪਰਮਵੀਰ ਸਿੰਘ ਤੇ ਹੋਰ।
ਕੁਰਾਲੀ,21 ਮਾਰਚ( ਮਾਰਸ਼ਲ ਨਿਊਜ਼)ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਵਲੋਂ ਨੇੜਲੇ ਪਿੰਡ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਮਾਰਟ ਰੂਮ ਸਥਾਪਿਤ ਕਰਨ ਲਈ ਦੋ ਐੱਲਈਡੀਜ਼ ਮੁਹਈਆ ਕਰਵਾਈਆਂ ਹਨ। ਇਸ ਸਬੰਧੀ ਹੋਏ ਸਮਾਗਮ ਦੌਰਾਨ ਐਸੋਸੀਏਸ਼ਨ ਵਲੋਂ ਭਵਿੱਖ ਵਿੱਚ ਵੀ ਸਕੂਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਪ੍ਰਿੰਸੀਪਲ ਬੰਦਨਾ ਪੁਰੀ ਦੀ ਅਗਵਾਈ ਵਿੱਚ ਇਸ ਸਬੰਧੀ ਹੋਏ ਸਮਾਗਮ ਵਿੱਚ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਦੇ ਪ੍ਰਧਾਨ ਡਾ: ਪਰਮਵੀਰ ਸਿੰਘ ਅਤੇ ਡਾ: ਰਜਿੰਦਰ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਡਾ:ਪਰਮਵੀਰ ਸਿੰਘ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜ਼ਿਰਕ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਕੂਲੀ ਪੱਧਰ ‘ਤੇ ਸਾਇੰਸ ਵਿਸ਼ੇ ਦੇ ਪਸਾਰ ਲਈ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਾਅਦ ਆਈਆਂ ਤਬਦੀਲੀਆਂ ਨੂੰ ਦੇਖਦਿਆਂ ਉਨ੍ਹਾਂ ਦੀ ਸੰਸਥਾ ਨੇ ਸਮਾਰਟ ਕਲਾਸ ਰੂਮ ਬਣਾਉਣ ਦਾ ਬੀੜਾ ਚੁੱਕਿਆ ਹੈ। ਇਸ ਸਮਾਗਮ ਦੌਰਾਨ ਐਸੋਸੀਏਸ਼ਨ ਵਲੋਂ ਸਾਇੰਸ ਅਧਿਆਪਕਾ ਸੁਖਵੰਤ ਕੌਰ ਦੇ ਯਤਨਾਂ ਸਦਕਾ ਦੋ ਸਮਾਰਟ ਐੱਲਈਡੀਜ਼ ਸਕੂਲ ਨੂੰ ਭੇਂਟ ਕੀਤੇ। ਪ੍ਰਿੰਸੀਪਲ ਬੰਦਨਾ ਪੁਰੀ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਐੱਲਈਡੀਜ਼ ਨਾਲ ਵਿਦਿਆਰਥੀ ਆਧੁਨਿਕ ਤਕਨੀਕ ਨਾਲ ਸਿੱਖਿਆ ਹਾਸਲ ਕਰ ਸਕਣਗੇ। ਅੰਤ ਵਿੱਚ ਸਕੂਲ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਡਾ: ਪਰਮਵੀਰ ਸਿੰਘ,ਡਾ: ਰਜਿੰਦਰ ਕੌਰ ਅਤੇ ਸੁਖਵੰਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।








