* ਰੂਪਨਗਰ 12 ਜੂਨ(ਰਣਜੀਤ ਕਾਕਾ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾਂ ਗੁਰਬਚਨ ਸਿੰਘ ਨੇ ਜਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਲੁਆਈ ਅਗੇਤੀ ਨਾ ਕੀਤੀ ਜਾਵੇ। ਕਿਉਂਕਿ ਧਰਤੀ ਹੇਠਲੇ ਪਾਣੀ ਉਪਰ ਨਿਰਭਰਤਾ ਘਟਾਉਣ ਲਈ ਝੋਨੇ ਦੀ ਲੁਆਈ ਮੌਨਸੂਨ ਦੀ ਸ਼ੁਰੂਆਤ ਦੇ ਨੇੜੇ ਕਰਨਾ ਪਾਣੀ ਬਚਾਉਣ ਪੱਖੋ ਮਹੱਤਵਪੂਰਨ ਹੋਵੇਗਾ।ਇਸ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਝੋਨੇ ਦੀਆਂ ਜਿੰਨਾਂ ਕਿਸਮਾਂ ਦੀ ਕਾਸ਼ਤ ਲਈ ਸ਼ਿਫਾਰਸ਼ ਕੀਤੀਆਂ ਹਨ ਉਹ ਪਿਛੇਤੀ ਲੁਆਈ ਵਿੱਚ ਜਿਆਦਾ ਝਾੜ ਦਿੰਦੀਆਂ ਹਨ।ਪਿਛਲੇ ਸਾਲਾਂ ਦੌਰਾਨ ਕੀਤੇ ਖੋਜ਼ ਤਜਰਬਿਆ ਦੇ ਅੰਕੜੇ ਦਰਸਾਉਦੇ ਹਨ ਕਿ ਵਧੇਰੇ ਝਾੜ ਪੀ.ਆਰ. ਕਿਸਮਾਂ, ਜਿੰਨਾਂ ਦੀ ਲੁਆਈ 25 ਜੂਨ ਦੇ ਨਜ਼ਦੀਕ ਹੋਈ ਹੋਵੇ ਵੱਧ ਨਿਕਲਦਾ ਹੈ। ਡਾਂ ਗੁਰਬਚਨ ਸਿੰਘ ਨੇ ਦੱਸਿਆ ਕਿ ਪੀ.ਆਰ.126 ਦੀ ਲੁਆਈ ਜੁਲਾਈ ਮਹੀਨੇ ਵਿੱਚ ਕਰਨ ਤੇ ਫਸਲ ਬਿਹਤਰ ਪ੍ਰਦਰਸ਼ਨ ਕਰਦੀ ਹੈ। ਇਸ ਕਿਸਮ ਦੀ ਅਗੇਤੀ ਲੁਆਈ ਕਰਨ ਨਾਲ ਬੂਰ ਪੈਣ ਸਮੇਂ ਉੱਚ ਤਾਪਮਾਨ ਕਰਕੇ ਮੁੰਜਰਾਂ ਵਿੱਚ ਫੋਕ ਵੱਧ ਜਾਂਦੀ ਹੈ ਅਤੇ ਦਾਣੇ ਹਲਕੇ ਰਹਿ ਜਾਂਦੇ ਹਨ ਜੋ ਕਿ ਝਾੜ ਘੱਟਣ ਦਾ ਕਾਰਨ ਬਣਦੇ ਹਨ।ਝੋਨੇ ਦੀ ਅਗੇਤੀ ਲੁਆਈ ਸ਼ੁਰੂ ਹੋਣ ਕਰਕੇ ਕੀੜੇ-ਮਕੌੜਿਆ ਦੀਆਂ ਜਿਆਦਾ ਪੀੜੀਆਂ ਬਣਦੀਆਂ ਹਨ। ਗੋਭ ਦੀਆਂ ਸੁੰਡੀਆਂ ਅਤੇ ਭੂਰੇ ਟਿੱਡਿਆ ਦੀ ਜਿਆਦਾ ਆਬਾਦੀ ਬਾਸਮਤੀ ਦੀ ਫਸਲ ਲਈ ਗੰਭੀਰ ਖਤਰਾ ਪੈਦਾ ਕਰਦੀ ਹੈ।ਇਸ ਤੋਂ ਇਲਾਵਾ ਅਗੇਤੀ ਲੁਆਈ ਵਾਲੇ ਝੋਨੇ ਵਿੱਚ ਝੋਨੇ ਦੀ ਝੂਠੀ ਕੰਗਿਆਰੀ ਅਤੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦਾ ਹਮਲਾ ਵੀ ਵਧੇਰੇ ਹੁੰਦਾ ਹੈ।ਇਸ ਲਈ ਪਨੀਰੀ ਦੀ ਅਗੇਤੀ ਬਿਜਾਈ (25 ਮਈ ਤੋਂ ਪਹਿਲਾਂ) ਅਤੇ ਅਗੇਤੀ ਲੁਆਈ (25 ਜੂਨ ਤੋਂ ਪਹਿਲਾਂ) ਨਾ ਕਰੋ।ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਉਹ ਪੀ.ਆਰ.121,ਪੀ.ਆਰ 128,ਪੀ.ਆਰ 129,ਪੀ.ਆਰ 130 ਅਤੇ ਪੀ.ਆਰ 131 ਦੀ 30-35 ਦਿਨਾਂ ਦੀ ਪਨੀਰੀ ਦੀ ਲੁਆਈ 20 ਜੂਨ ਤੋਂ ਬਾਅਦ ਕਰਨ ਜਦ ਕਿ ਪੀ.ਆਰ.126 ਦੀ 25-30 ਦਿਨਾਂ ਦੀ ਪਨੀਰੀ ਦੀ ਲੁਆਈ 25 ਜੂਨ ਤੋਂ 15 ਜੁਲਾਈ ਦਰਮਿਆਨ ਹੀ ਕਰਨ।

LEAVE A REPLY

Please enter your comment!
Please enter your name here