ਚੰਡੀਗੜ੍ਹ (ਮਾਰਸ਼ਲ ਨਿਊਜ )ਆਪ ਦੇ ਸੀਨੀਅਰ ਆਗੂ ਸੋਹਣ ਸਿੰਘ ਮਾਨ ਦੀ ਅਗਵਾਈ ਵਿੱਚ ਇਲਾਕੇ ਦੇ ਵਸਨੀਕਾਂ ਦਾ ਵਫ਼ਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਓ ਐਸ ਡੀ ਰਾਜਵੀਰ ਸਿੰਘ ਤੇ ਨਵਰਾਜ ਸਿੰਘ ਬਰਾੜ (ਪੀ ਪੀ ਐਸ) ਨੂੰ ਮਿਲਿਆ। ਸੋਹਣ ਸਿੰਘ ਮਾਨ (ਰਿਟਾ. ਤਹਿਸੀਲਦਾਰ) ਨੇ ਦੱਸਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ ਤੇ ਦੋਵੇਂ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਕਿ ਮੁਸ਼ਤਰਕਾ ਜ਼ਮੀਨਾਂ ਦੇ ਮਾਲਕੀ ਹੱਕ ਪੰਚਾਇਤਾਂ ਦੇ ਨਾਂਅ ਕਰਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਵਾਈ ਤੋਂ ਇਲਾਕੇ ਦੇ ਕਿਸਾਨਾਂ ਵਿੱਚ ਡਾਹਢੀ ਫ਼ਿਕਰਮੰਦੀ ਪਾਈ ਜਾ ਰਹੀ ਹੈ, ਕਿਉਂਕਿ ਇਹ ਜ਼ਮੀਨਾਂ ਬੜੀ ਮਿਹਨਤ ਮੁਸ਼ੱਕਤ ਨਾਲ ਵਾਹੀਯੋਗ ਬਣਾਈਆਂ ਤੇ ਪੀੜ੍ਹੀ ਦਰ ਪੀੜ੍ਹੀ ਕੰਢੀ ਖੇਤਰ ਦੇ ਗ਼ਰੀਬ ਤੇ ਥੋੜੀਆਂ ਜ਼ਮੀਨਾਂ ਦੇ ਮਾਲਕ ਕਿਸਾਨ ਖੇਤੀ ਕਰਕੇ ਪਰਿਵਾਰ ਪਾਲ ਰਹੇ ਨੇ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਕਿਸੇ ਵੀ ਕਿਸਮ ਦੀ ਜਲਦਬਾਜ਼ੀ ਤੇ ਧੱਕੇਸ਼ਾਹੀ ਦੀ ਨੀਤੀ ਦੀ ਬਜਾਏ ਵਫ਼ਦ ਨੇ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਗ਼ਰੀਬ ਕਿਸਾਨ ਪਰਿਵਾਰਾਂ ਨਾਲ ਹਮਦਰਦੀ ਭਰਿਆ ਵਤੀਰਾ ਅਪਣਾਇਆ ਜਾਵੇ। ਦੋਵੇਂ ਅਧਿਕਾਰੀਆਂ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਕਿਸੇ ਵੀ ਕਿਸਮ ਦਾ ਧੱਕਾ ਇਸ ਮਾਮਲੇ ਵਿੱਚ ਨਹੀਂ ਹੋਵੇਗਾ। ਜਲਦ ਹੀ ਉਨ੍ਹਾਂ ਵਫ਼ਦ ਦੀ ਮੁਲਾਕਾਤ ਮੁਖ ਮੰਤਰੀ ਭਗਵੰਤ ਮਾਨ ਨਾਲ ਕਰਵਾਉਣ ਦਾ ਭਰੋਸਾ ਦਿਵਾਇਆ। ਵਫ਼ਦ ਵਿੱਚ ਕੇਸਰ ਸਿੰਘ ਕੁਬਾਹੇੜੀ, ਭਾਗ ਸਿੰਘ, ਰਾਮ ਸਿੰਘ ਅਭੀਪੁਰ, ਦਰਬਾਰਾ ਸਿੰਘ, ਮਾਰਸ਼ਲ ਗਰੁੱਪ ਦੇ ਨੌਜਵਾਨ ਆਗੂ ਰਣਜੀਤ ਸਿੰਘ ਕਾਕਾ, ਤਰਲੋਚਨ ਸਿੰਘ ਤੋਚੀ, ਦਰਸ਼ਨ ਸਿੰਘ ਮਾਣਕਪੁਰ ਤੇ ਹੋਰ ਪਤਵੰਤੇ ਹਾਜਰ ਸਨ।








