ਮੋਹਾਲੀ 4 ਮਾਰਚ( ਰਣਜੀਤ ਸਿੰਘ ਕਾਕਾ) – ਕਿਸਾਨ ਜਥੇਬੰਦੀਆਂ ਦੇ 5 ਮਾਰਚ ਦੇ ਚੰਡੀਗੜ੍ਹ ਇਕੱਠ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂਆਂ ਦੀ ਫੜੋ ਫੜੀ ਸ਼ੁਰੂ ਕਰ ਦਿੱਤੀ ਹੈ। ਜਿਸ ਦੌਰਾਨ ਕਿਸਾਨ ਯੂਨੀਅਨ ਰਾਜੇਵਾਲ ਦੇ ਮੋਹਾਲੀ ਜਿਲੇ ਨਾਲ ਸਬੰਧਿਤ ਸੂਬਾ ਆਗੂ ਪਰਮਦੀਪ ਸਿੰਘ ਬੈਦਵਾਨ ਤੇ ਜਿਲਾ ਪ੍ਰਧਾਨ ਕ੍ਰਿਪਾਲ ਸਿੰਘ ਸਿਆਉ ਨੂੰ ਉਨਾਂ ਦੇ ਮੋਹਾਲੀ ਸਥਿਤ ਘਰ ‘ਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ। ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਬੈਦਵਾਨ ਤੇ ਸਿਆਊ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਭਾਵੇਂ ਕਿਸਾਨਾਂ ਦਾ ਵਿਰੋਧੀ ਹੈ ਪਰ ਆਪਣੇ ਚਹੇਤੇ ਅਮੀਰ ਘਰਾਣਿਆਂ ਦੀ ਤਾਂ ਸਹਾਇਤਾ ਕਰਦਾ ਹੈ, ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਸੂਬੇ ਦੇ ਕਿਸਾਨਾਂ ਨਾਲ ਵੀ ਧੱਕੇਸ਼ਾਹੀ ਕਰ ਰਿਹਾ ਹੈ। ਇਹ ਕਿਸੇ ਦਾ ਵੀ ਨਹੀਂ ਬਣ ਰਿਹਾ। ਜਿਸ ਕਾਰਨ ਆਪ ਸਰਕਾਰ ਦਾ ਪਤਨ ਹੋਣਾ ਲਾਜ਼ਮੀਂ ਹੈ।








