ਅਰਮਾਨ ਸੈਣੀ ਹੈੱਡ ਬੁਆਏ ਤੇ ਜੈਸਮੀਨ ਕੌਰ ਹੈੱਡ ਗਰਲ ਬਣੀ
ਕੁਰਾਲੀ, 10 ਅਗਸਤ(ਰਣਜੀਤ ਸਿੰਘ ਕਾਕਾ)ਕਾਲੇਵਾਲ ਦੇ ਐਜੂਸਟਾਰ ਆਦਰਸ਼ ਸਕੂਲ ਵਿਖੇ ਵਿਦਿਆਰਥੀ ਪ੍ਰੀਸ਼ਦ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਬੰਦਨਾ ਪੁਰੀ ਦੀ ਦੇਖਰੇਖ ਹੇਠ ਹੋਏ ਇਸ ਵਿਦਿਆਰਥੀ ਪ੍ਰੀਸ਼ਦ ਸਮਾਰੋਹ ਦੌਰਾਨ ਸਕੂਲ ਦੇ ਵਿਦਿਆਰਥੀ ਆਗੂਆਂ ਦੀ ਚੋਣ ਕੀਤੀ ਗਈ।
ਸਕੂਲ ਦੇ ਅਹਾਤੇ ਵਿੱਚ ਰਾਜਨ ਸ਼ਰਮਾ ਤੇ ਮਨਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਹੋਏ ਇਸ ਸਲਾਨਾ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ ਜਿਸ ਉਪਰੰਤ ਵਿਦਿਆਰਥੀ ਆਗੂਆਂ ਦੀ ਚੋਣ ਕੀਤੀ ਗਈ। ਇਹ ਚੋਣ ਲੋਕਤਾਂਤਰਿਕ ਢੰਗ ਨਾਲ ਸਕੂਲ ਦੇ ਵਿਦਿਆਰਥੀਆਂ ਵਲੋਂ ਵੋਟਾਂ ਪਾ ਕੇ ਕੀਤੀ ਗਈ। ਇਸ ਚੋਣ ਦੌਰਾਨ ਦਸਵੀਂ ਜਮਾਤ ਦੇ ਅਰਮਾਨ ਸੈਣੀ ਨੂੰ ਹੈੱਡ ਬੁਆਏ ਅਤੇ ਦਸਵੀਂ ਜਮਾਤ ਦੀ ਹੀ ਜੈਸਮੀਨ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ ਹੈ। ਇਸ ਦੌਰਾਨ ਸਕੂਲ ਵਿੱਚ ਚੱਲ ਰਹੇ ਜਲ ਹਾਊਸ,ਅਗਨੀ ਹਾਊਸ,ਪ੍ਰਿਥਵੀ ਹਾਊਸ ਤੇ ਵਾਯੂ ਹਾਊਸ ਵਿੱਚੋਂ ਪ੍ਰਫੈਕਟਸ ਵੀ ਚੁਣੇ ਗਏ। ਗੁਰਤੇਸ਼ਵਰ ਸਿੰਘ ਨੂੰ ਸਕੂਲ ਦਾ ਖੇਡ ਕਪਤਾਨ ਬਣਾਇਆ ਗਿਆ ਹੈ ਜਦਕਿ ਲਵਿਕਾ ਸ਼ਰਮਾ ਨੂੰ ਗਤੀਵਿਧੀ ਪ੍ਰਧਾਨ ਚੁਣਿਆ ਗਿਆ।
ਚੋਣ ਉਪਰੰਤ ਹੋਏ ਸਹੁੰ ਚੁੱਕ ਸਮਾਗਮ ਵਿੱਚ ਵਿਦਿਆਰਥੀ ਆਗੂਆਂ ਤੇ ਚੁਣੇ ਹੋਰਨਾਂ ਮੈਂਬਰਾਂ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ। ਪ੍ਰਿੰਸੀਪਲ ਬੰਦਨਾ ਪੁਰੀ ਨੇ ਚੁਣੇ ਗਏ ਵਿਦਿਆਰਥੀ ਆਗੂਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਦੀ ਬਿਹਤਰੀ ਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨ ਦਾ ਸੱਦਾ ਦਿੱਤਾ। ਅੰਤ ਵਿੱਚ ਪੰਜਾਬੀ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸਕੂਲ ਦੇ ਤਿੰਨ ਵਿੰਗਾਂ ਦੇ ਕੋਆਰਡੀਨੇਟਰ,ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
ਫੋਟੋ: ਆਦਰਸ਼ ਸਕੂਲ ਕਾਲੇਵਾਲ ਦੇ ਚੁਣੇ ਵਿਦਿਆਰਥੀ ਆਗੂ ਪ੍ਰਿੰਸੀਪਲ ਬੰਦਨਾ ਪੁਰੀ ਤੇ ਸਟਾਫ਼ ਨਾਲ।








