ਮਾਜਰੀ 11 ਨਵੰਬਰ(ਰਣਜੀਤ ਸਿੰਘ ਕਾਕਾ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਦੇ ਗ੍ਰਹਿ ਵਿਖੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਚੇਚੇ ਤੌਰ ‘ਤੇ ਪਹੁੰਚੇ। ਇਸ ਮੌਕੇ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ, ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ, ਯੂਥ ਆਗੂ ਰਵਿੰਦਰ ਸਿੰਘ ਖੇੜਾ, ਰਣਧੀਰ ਸਿੰਘ ਧੀਰਾ ਵੀ ਹਾਜ਼ਰ ਸਨ। ਪੱਤਰਕਾਰਾਂ ਨਾਲ ਸ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿਚ ਹਰ ਮੁਹਾਜ਼ ਤੋਂ ਫੇਲ ਦੱਸਿਆ।

ਸ਼੍ਰ ਬਾਦਲ ਨੇ ਸ਼ਾਮਲਾਤ ਜ਼ਮੀਨਾਂ ਤੇ ਵੱਡੀ ਪੱਧਰ’ਤੇ ਕਾਬਜ਼ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਤੇ ਬਿਲਕੁਲ ਧਕਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਥੇ ਗਰੀਬ ਲੋਕਾਂ ਨੇ ਸਾਰੀ ਉਮਰ ਦੀ ਪੂੰਜੀ ਲਾ ਕੇ ਘਰ ਬਣਾ ਕੇ ਰੈਣ ਬਸੇਰਾ ਕੀਤਾ ਹੋਇਆ ਹੈ, ਉਥੇ ਛੋਟੇ ਕਿਸਾਨ ਪਰਿਵਾਰ ਲੰਮੇ ਸਮੇਂ ਤੋਂ ਇੰਨਾ ਜ਼ਮੀਨਾਂ ਤੇ ਕਾਬਜ਼ ਹੋ ਕੇ ਖੇਤੀਬਾੜੀ ਨਾਲ ਪਰਿਵਾਰ ਪਾਲ ਰਹੇ ਨੇ। ਸੁਖਵੀਰ ਸਿੰਘ ਬਾਦਲ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਲੋਕ ਮਸਲਿਆਂ ‘ਤੇ ਹਮੇਸ਼ਾ ਸਾਫ਼ ਤੇ ਸਪੱਸ਼ਟ ਰਿਹਾ ਹੈ। ਸ਼ਾਮਲਾਤ ਜ਼ਮੀਨਾਂ ਕਾਬਜ਼ ਲੋਕਾਂ ਤੋਂ ਜ਼ੋਰ ਜਬਰੀ ਖੋਹ ਕੇ ਪੰਚਾਇਤਾਂ ਨੂੰ ਦੇਣ ਦੇ ਸਰਕਾਰੀ ਫੈਸਲੇ ਵਿਰੁੱਧ ਉਹ ਪ੍ਰਭਾਵਿਤ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ। ਆਏ ਦਿਨ ਹੋ ਰਹੇ ਕਤਲਾਂ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ। ਪੁਲਿਸ ਮੂਕ ਦਰਸ਼ਕ ਬਣ ਕੇ ਰਹਿ ਗਈ ਹੈ। ਸਰਕਾਰ ਦੀ ਪ੍ਰਸ਼ਾਸਨਿਕ ਪੱਧਰ ਤੇ ਢਿੱਲੀ ਪਕੜ ਸਦਕਾ ਲੋਕਾਂ ਦੀ ਜ਼ਿੰਦਗੀ ਰੱਬ ਆਸਰੇ ਹੈ। ਜਥੇਦਾਰ ਖੇੜਾ ਦੇ ਘਰ ਇਕਠੇ ਹੋਏ ਅਕਾਲੀ ਵਰਕਰਾਂ ਨੂੰ ਮਿਲਦਿਆਂ ਪਾਰਟੀ ਪ੍ਰਧਾਨ ਨੇ ਸਭਨਾਂ ਦਾ ਨੇੜਿਓਂ ਹਾਲ ਚਾਲ ਜਾਣਿਆ। ਰਾਣਾ ਗਿੱਲ ਤੇ ਜਥੇਦਾਰ ਖੇੜਾ ਨੇ ਸੁਖਬੀਰ ਬਾਦਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵੀਰ ਸਿੰਘ ਸੱਤੀ ਮੁੱਲਾਂਪੁਰ, ਸਰਬਜੀਤ ਸਿੰਘ ਕਾਦੀਮਾਜਰਾ, ਮਨਜੀਤ ਸਿੰਘ ਮਹਿਰੌਲੀ, ਜਗਤਾਰ ਸਿੰਘ ਨੰਬਰਦਾਰ, ਕੁਲਜੀਤ ਸਿੰਘ ਤੇ ਰਵਨੀਤ ਕਾਂਸਲ ਹਾਜ਼ਰ ਸਨ।








