ਡਾ: ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ

ਜ਼ਿਲ੍ਹੇ ਵਿੱਚ 100 ਥਾਵਾਂ ‘ਤੇ ਅੰਤਰਰਾਸ਼ਟਰੀ ਯੋਗ ਦਿਵਸ

ਪ੍ਰਬੰਧਾਂ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ

ਐਸ.ਏ.ਐਸ.ਨਗਰ, 20 ਜੂਨ(ਰਣਜੀਤ ਸਿੰਘ)ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ 21 ਜੂਨ, 2023 ਨੂੰ ਜ਼ਿਲ੍ਹੇ ਵਿੱਚ ਸੀ ਐਮ ਦੀ ਯੋਗਸ਼ਾਲਾ, ਫੇਜ਼-2 ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਦੌਰਾਨ ਜ਼ਿਲ੍ਹਾ ਪੱਧਰੀ ਸਮਾਗਮ ਡਾ. ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਵਿਖੇ ਮਨਾਇਆ ਜਾਵੇਗਾ।

ਅੰਤਰਰਾਸ਼ਟਰੀ ਯੋਗ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ 100 ਥਾਵਾਂ ਦੀ ਅੰਤਰਰਾਸ਼ਟਰੀ ਯੋਗ ਦਿਵਸ ਅਤੇ ਸੀ ਐਮ ਦੀ ਯੋਗਸ਼ਾਲਾ ਵਾਸਤੇ ਚੋਣ ਕੀਤੀ ਗਈ ਹੈ। ਇਨ੍ਹਾਂ 100 ਥਾਵਾਂ ਵਿੱਚੋਂ 80 ਸਥਾਨਾਂ ‘ਤੇ ਸਿਹਤ ਅਤੇ ਵੈਲਨੈਸ ਕੇਂਦਰਾਂ ਵਿਖੇ ਅਤੇ 20 ਆਯੁਰਵੈਦਿਕ ਕੇਂਦਰਾਂ ਵਿਖੇ ਸਮਾਗਮ ਹੋਣਗੇ। ਸਿਵਲ ਸਰਜਨ ਐਸ.ਏ.ਐਸ.ਨਗਰ ਵੈਲਨੈਸ ਕੇਂਦਰਾਂ ਲਈ ਨੋਡਲ ਅਫ਼ਸਰ ਹੋਣਗੇ ਜਦਕਿ ਜ਼ਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫ਼ਸਰ, ਐਸ.ਏ.ਐਸ.ਨਗਰ ਆਯੁਰਵੈਦਿਕ ਕੇਂਦਰਾਂ ਅਤੇ ਪੰਜ ਹੋਰ ਪ੍ਰੋਗਰਾਮਾਂ ਲਈ ਨੋਡਲ ਅਫ਼ਸਰ ਹੋਣਗੇ।

ਇਸ ਤੋਂ ਇਲਾਵਾ, ਜਿਨ੍ਹਾਂ ਪਿੰਡਾਂ ਵਿੱਚ ਸਾਂਝ ਜਲ ਤਾਲਾਬ (ਪਹਿਲਾਂ ਅੰਮ੍ਰਿਤ ਸਰੋਵਰ) ਸਥਾਪਤ ਕੀਤੇ ਗਏ ਹਨ, ਉਹ ਵੀ ਇਨ੍ਹਾਂ ਸਮਾਗਮਾਂ ਦਾ ਹਿੱਸਾ ਹੋਣਗੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਯੋਗ ਦਿਵਸ ਡਾ. ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਵਿਖੇ ਸਵੇਰੇ 6:30 ਤੋਂ 7:15 ਵਜੇ ਤੱਕ ਮਨਾਇਆ ਜਾਵੇਗਾ ਜਦੋਂਕਿ ਇਕੱਤਰਤਾ ਦਾ ਸਮਾਂ ਸਵੇਰੇ 6:00 ਵਜੇ ਨਿਰਧਾਰਿਤ ਕੀਤਾ ਗਿਆ ਹੈ। ਇਸੇ ਤਰ੍ਹਾਂ, ਵੈਲਨੈਸ ਕੇਂਦਰਾਂ ਵਿੱਚ ਯੋਗਾ ਦਿਵਸ ਪ੍ਰੋਗਰਾਮ ਸਵੇਰੇ 6:00 ਤੋਂ 6:30 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਪੰਜ ਯੋਗ ਟ੍ਰੇਨਰ ਨਿਯੁਕਤ ਕੀਤੇ ਗਏ ਹਨ, ਜੋ ਵੀਰਵਾਰ ਤੋਂ ਨਿਯਮਿਤ ਤੌਰ ‘ਤੇ ਵੱਖ-ਵੱਖ ਥਾਵਾਂ ‘ਤੇ ਸੀ ਐਮ ਦੀ ਯੋਗਸ਼ਾਲਾ ਰਾਹੀਂ ਯੋਗ ਸਿਖਲਾਈ ਦੇਣਗੇ। ਉਨ੍ਹਾਂ ਇਲਾਕਿਆਂ ਨੂੰ ਤਰਜੀਹ ਦਿੱਤੀ ਜਾਵੇਗੀ ਜਿੱਥੇ ਘੱਟੋ-ਘੱਟ 25 ਲੋਕ ਯੋਗ ਸਿੱਖਣ ਲਈ ਤਿਆਰ ਹੋਣਗੇ।

ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਅਤੇ ਵਿਭਾਗਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਅਤੇ ਸੀ ਐਮ ਦੀ ਯੋਗਸ਼ਾਲਾ ਨੂੰ ਆਪਸੀ ਤਾਲਮੇਲ ਨਾਲ ਕਾਮਯਾਬੀ ਨਾਲ ਮਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਸਿਹਤਮੰਦ ਜੀਵਨ ਸ਼ੈਲੀ ਜਿਉਣ ਲਈ ਯੋਗਾ ਅਤੇ ਧਿਆਨ ਦੇ ਮਹੱਤਵ ਬਾਰੇ ਦੱਸਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ.(ਪੇਂਡੂ ਵਿਕਾਸ) ਅਮਿਤ ਬੈਂਬੀ, ਏ.ਡੀ.ਸੀ.(ਜ) ਪਰਮਦੀਪ ਸਿੰਘ, ਐਸ.ਡੀ.ਐਮ ਮੋਹਾਲੀ ਸਰਬਜੀਤ ਕੌਰ, ਐਸ.ਡੀ.ਐਮ ਖਰੜ ਰਵਿੰਦਰ ਸਿੰਘ, ਐਸ.ਡੀ.ਐਮ ਡੇਰਾਬਸੀ ਹਿਮਾਂਸ਼ੂ ਗੁਪਤਾ, ਜੁਆਇੰਟ ਕਮਿਸ਼ਨਰ ਐਮ.ਸੀ.ਐਸ.ਏ.ਐਸ ਨਗਰ ਕਿਰਨ ਸ਼ਰਮਾ, ਸਿਵਲ ਸਰਜਨ ਮਹੇਸ਼ ਕੁਮਾਰ ਆਹੂਜਾ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਤਲਵਿੰਦਰ ਸਿੰਘ ਤੇ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਅਤੇ ਜ਼ਿਲ੍ਹੇ ਦੇ ਹੋਰ ਕਈ ਅਧਿਕਾਰੀ ਸ਼ਾਮਲ ਸਨ।

LEAVE A REPLY

Please enter your comment!
Please enter your name here